ਆਮ ਆਦਮੀ ਨੂੰ ਹੋਰ ਸਤਾਏਗੀ ਮਹਿੰਗਾਈ! ਜਾਣੋ ਕਦੋਂ ਤੱਕ ਮਿਲੇਗੀ ਰਾਹਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਆਲ਼ੂ, ਪਿਆਜ਼, ਟਮਾਟਰ ਅਤੇ ਹਰੀਆਂ ਸਬਜ਼ੀਆਂ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਆਮ ਆਦਮੀ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Inflation will persecute the common man yet

ਨਵੀਂ ਦਿੱਲੀ: ਦੇਸ਼ ਵਿਚ ਆਲ਼ੂ, ਪਿਆਜ਼, ਟਮਾਟਰ ਅਤੇ ਹਰੀਆਂ ਸਬਜ਼ੀਆਂ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਆਮ ਆਦਮੀ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਆਮ ਆਦਮੀ ਨੂੰ ਮਹਿੰਗਾਈ ਦੀ ਇਸ ਮਾਰ ਤੋਂ ਰਾਹਤ ਨਹੀਂ ਮਿਲਣ ਦੀ ਸੰਭਾਵਨਾ ਹੈ। ਇਹ ਸੰਭਾਵਨਾ ਐਸਬੀਆਈ ਇਕੋਰੈਪ ਦੀ ਤਾਜ਼ਾ ਰਿਪੋਰਟ ਵਿਚ ਜਤਾਈ ਗਈ ਹੈ। ਰਿਪੋਰਟ ਮੁਤਾਬਕ ਖੁਦਰਾ ਮਹਿੰਗਾਈ ਦਰ ਹੁਣ ਦਸੰਬਰ ਤੋਂ ਬਾਅਦ ਹੀ 4 ਫੀਸਦੀ ਤੋਂ ਹੇਠਾਂ ਆਵੇਗੀ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਸ ਵਿਚ ਇਸ ਸਮੇਂ ਆਇਆ ਉਛਾਲ ਕੋਰੋਨਾ ਕਾਰਨ ਸਪਲਾਈ ਚੇਨ ਟੁੱਟਣ ਕਾਰਨ ਹੋਇਆ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਕੀਤੀ ਗਈ ਭਾਰੀ ਖਰੀਦ ਨਾਲ ਵੀ ਕੀਮਤਾਂ ਵਧੀਆਂ ਹਨ। ਰਿਪੋਰਟ ਅਨੁਸਾਰ ਉਪਭੋਗਤਾ ਮੁੱਲ ਸੂਚਕਾਂਕ ਦੇ ਅਧਾਰ ‘ਤੇ ਅਗਸਤ ਦੀ ਮਹਿੰਗਾਈ ਦਰ 7 ਫੀਸਦੀ ਜਾਂ ਇਸ ਤੋਂ ਵੱਧ ਰਹਿ ਸਕਦੀ ਹੈ। ਇਹ ਅੰਕੜਾ ਸੋਮਵਾਰ ਯਾਨੀ 14 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਵਿਡ 19 ਦਾ ਪ੍ਰਭਾਵ ਹੁਣ ਪੇਂਡੂ ਇਲਾਕਿਆਂ ਵਿਚ ਜਿਸ ਤਰ੍ਹਾਂ ਵਧ ਰਿਹਾ ਹੈ, ਉਸ ਨਾਲ ਇਹ ਮੰਨਣਾ ਮੁਸ਼ਕਿਲ ਹੈ ਕਿ ਸਪਲਾਈ ਚੇਨ ਜਲਦ ਹੀ ਫਿਰ ਤੋਂ ਆਮ ਹੋਵੇਗੀ। ਇਸ ਸਥਿਤੀ ਵਿਚ ਮਹਿੰਗਾਈ ਵਧਣ ਦਾ ਖਤਰਾ ਹੈ। ਦੱਸ ਦਈਏ ਕਿ ਜੁਲਾਈ ਵਿਚ ਖੁਦਰਾ ਮਹਿੰਗਾਈ 6.93 ਫੀਸਦੀ ਰਹੀ, ਜਦਕਿ ਪਿਛਲੇ ਸਾਲ ਜੁਲਾਈ ਵਿਚ ਇਹ ਅੰਕੜਾ 3.15 ਫੀਸਦੀ ਸੀ।

ਮਹਿੰਗਾਈ ਵਿਚ ਇਹ ਤੇਜ਼ੀ ਅਨਾਜ, ਦਾਲ-ਸਬਜ਼ੀਆਂ ਅਤੇ ਮਾਸ-ਮੱਛੀ ਦੀਆਂ ਕੀਮਤਾਂ ਵਧਣ ਕਾਰਨ ਹੈ। ਐਸਬੀਆਈ ਦੀ ਰਿਪੋਰਟ ਵਿਚ ਕਿਹਾ ਗਿਆ ਹੈ, ‘ਸਾਨੂੰ ਲੱਗਦਾ ਹੈ ਕਿ ਮਹਿੰਗਾਈ ਦਾ ਅਗਸਤ ਦਾ ਅੰਕੜਾ 7 ਫੀਸਦੀ ਜਾਂ ਉਸ ਤੋਂ ਉੱਪਰ ਰਹੇਗਾ ਅਤੇ ਜੇਕਰ ਤੁਲਨਾਤਮਕ ਅਧਾਰ ਦਾ ਪ੍ਰਭਾਵ ਹੀ ਇਸ ਦਾ ਮੁੱਢਲਾ ਕਾਰਨ ਹੈ ਤਾਂ ਮਹਿੰਗਾਈ ਦਸੰਬਰ ਜਾਂ ਉਸ ਤੋਂ ਬਾਅਦ ਹੀ 4 ਫੀਸਦੀ ਤੋਂ ਹੇਠਾਂ ਦਿਖੇਗੀ।

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਹਿੰਗਾਈ ਨੂੰ ਦੇਖਦੇ ਹੋਏ ਚਾਲੂ ਵਿੱਤੀ ਵਰ੍ਹੇ ਵਿਚ ਨੀਤੀਗਤ ਵਿਆਜ ਦਰ ਵਿਚ ਹੋਰ ਕਮੀ ਦੀ ਉਮੀਦ ਘੱਟ ਹੀ ਹੈ। ਫਰਵਰੀ ਦੀ ਬੈਠਕ ਵਿਚ ਜੇਕਰ ਕਟੌਤੀ ਵੀ ਕੀਤੀ ਗਈ ਤਾਂ ਇਹ ਜ਼ਿਆਦਾ ਤੋਂ ਜ਼ਿਆਦਾ 0.25 ਫੀਸਦੀ ਤੱਕ ਹੋ ਸਕਦੀ ਹੈ।