600 ਕਰੋੜ ਦੇ ਘਪਲੇ 'ਚ ਖਨਨ ਕਾਰੋਬਾਰੀ ਜਨਾਰਦਨ ਰੈਡੀ ਗਿਰਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖਨਨ ਕਾਰੋਬਾਰੀ ਅਤੇ ਸਾਬਕਾ ਭਾਜਪਾ ਮੰਤਰੀ ਜਨਾਰਦਨ ਰੈਡੀ ( 49) ਨੂੰ ਪੋਂਜੀ ਯੋਜਨਾ ਅਧੀਨ 600 ਕਰੋੜ ਰੁਪਏ ਦੇ ਘਪਲੇ ਦੇ ਮਾਮਲੇ ਵਿਚ ਗਿਰਫਤਾਰ ਕੀਤਾ ਗਿਆ ਹੈ।

Janardhan Reddy

​ਕਰਨਾਟਕ, ( ਪੀਟੀਆਈ ) : ਬੇਲਾਰੀ ਦੇ ਖਨਨ ਕਾਰੋਬਾਰੀ ਅਤੇ ਸਾਬਕਾ ਭਾਜਪਾ ਮੰਤਰੀ ਜਨਾਰਦਨ ਰੈਡੀ ( 49) ਨੂੰ ਪੋਂਜੀ ਯੋਜਨਾ ਅਧੀਨ 600 ਕਰੋੜ ਰੁਪਏ ਦੇ ਘਪਲੇ ਦੇ ਮਾਮਲੇ ਵਿਚ ਗਿਰਫਤਾਰ ਕੀਤਾ ਗਿਆ ਹੈ। ਰੈਡੀ ਨੂੰ 24 ਨਵੰਬਰ ਤੱਕ ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਗਿਆ ਹੈ। ਉਥੇ ਹੀ ਉਨ੍ਹਾਂ ਦੇ ਸਾਥੀ ਅਲੀ ਖਾਨ ਨੂੰ ਵੀ ਫੜ੍ਹ ਲਿਆ ਗਿਆ ਹੈ। ਕ੍ਰਾਈਮ ਬ੍ਰਾਂਚ ਨੇ ਰੈਡੀ ਨੂੰ 11 ਨਵੰਬਰ ਤੱਕ ਪੇਸ਼ ਹੋਣ ਦਾ ਨੋਟਿਸ ਦਿਤਾ ਸੀ। ਇਸ ਤੋਂ ਬਾਅਦ ਰੈਡੀ ਸ਼ਨੀਵਾਰ ਸ਼ਾਮ ਨੂੰ ਪੁਛਗਿਛ ਲਈ ਕ੍ਰਾਈਮ ਬ੍ਰਾਂਚ ਪਹੁੰਚੇ ਸਨ।

ਜਨਾਰਦਨ ਰੈਡੀ ਇਕ ਪੋਂਜੀ ਯੋਜਨਾ ਵਿਚ ਕਥਿਤ ਤੌਰ ਤੇ ਕਰੋੜਾਂ ਦੇ ਲੈਣ ਦੇਣ ਵਿਚ ਵੀ ਲੋੜੀਂਦੇ ਹਨ। ਸਾਬਕਾ ਭਾਜਪਾ ਮੰਤਰੀ ਵਿਰੁਧ ਨੋਟਿਸ ਜਾਰੀ ਕਰਨ ਤੋਂ ਇਕ ਦਿਨ ਪਹਿਲਾਂ ਕ੍ਰਾਈਮ ਬ੍ਰਾਂਚ ਨੇ ਉਨ੍ਹਾਂ ਦੇ ਬੇਲਾਰੀ ਸਥਿਤ ਘਰ ਤੇ ਛਾਪਾ ਮਾਰਿਆ ਸੀ। ਰੈਡੀ ਦੇ ਸਹਿਯੋਗੀ ਅਲੀ ਖਾਨ ਨੇ ਏਬਿਡੇਂਟ ਮਾਰਕੇਟਿੰਗ ਪ੍ਰਾਈਵੇਟ ਲਿਮਿਟੇਡ ਦੇ ਸਈਦ ਅਹਿਮਦ ਫਰੀਦ ਨੂੰ ਈਡੀ ਦੀ ਜਾਂਚ ਤੋਂ ਬਚਾਉਣ ਲਈ ਕਥਿਤ ਤੌਰ ਤੇ 20 ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਇਸ ਕੰਪਨੀ ਤੇ ਵੀ ਪੋਂਜੀ ਯੋਜਨਾ ਵਿਚ ਸ਼ਾਮਲ ਹੋਣ ਦਾ ਦੋਸ਼ ਹੈ।

ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਰੈਡੀ ਨੇ ਇਸ ਪੁਛਗਿਛ ਤੋਂ ਬਚਣ ਦੀ ਬਹੁਤ ਕੋਸ਼ਿਸ਼ ਕੀਤੀ। ਰੈਡੀ ਦੇ ਵਕੀਲ ਸੀਐਚ ਹਨੂਮੰਥਰਿਆ ਨੇ ਅੰਤਿਮ ਜਮਾਨਤ ਪਟੀਸ਼ਨ ਦਾਖਲ ਕੀਤੀ। ਹਾਲਾਂਕਿ ਕੋਰਟ ਨੇ ਬਚਾਅ ਪੱਖ ਨੂੰ ਸੋਮਵਾਰ ਤੱਕ ਇਤਰਾਜ਼ ਦਰਜ਼ ਕਰਵਾਉਣ ਦਾ ਹੁਕਮ ਦਿਤਾ ਸੀ ਜਿਸ ਤੋਂ ਬਾਅਦ ਪਟੀਸ਼ਨ ਵਾਪਸ ਲੈ ਲਈ ਗਈ। ਰੈਡੀ ਨੇ ਕਰਨਾਟਕ ਹਾਈ ਕੋਰਟ ਵਿਖੇ ਦੋ ਪਟੀਸ਼ਨਾਂ ਦਾਖਲ ਕੀਤੀਆਂ ਹਨ।

ਪਹਿਲੀ ਪਟੀਸ਼ਨ ਰੈਡੀ ਤੇ ਦਰਜ਼ ਐਫਆਈਆਰ ਨੂੰ ਖਤਮ ਕਰਨ ਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਰੈਡੀ ਤੇ ਲਗੇ ਦੋਸ਼ ਬੇਬੁਨਿਆਦ ਹਨ ਅਤੇ ਦੂਜੀ ਪਟੀਸ਼ਨ ਵਿਚ ਮਾਮਲੇ ਦੀ ਜਾਂਚ ਤੋਂ ਦੋ ਪੁਲਿਸ ਅਧਿਕਾਰੀਆਂ ਨੂੰ ਹਟਾਉਣ ਦੇ ਜ਼ਿਕਰ ਬਾਰੇ ਹੈ।