ਤੇਜ਼ੀ ਨਾਲ ਅੱਗੇ ਵਧ ਰਿਹਾ ਭਾਰਤ ਬਣਿਆ ਦੁਨੀਆ ਦਾ ਚੌਥਾ ਵੱਡਾ ਹਥਿਆਰ ਖ਼ਰੀਦਦਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਟਾਕਹੋਮ ਇੰਟਰਨੈਸ਼ਨਲ ਪੀਸ ਇੰਸਟੀਚਿਊਟ ਦੀ ਤਾਜ਼ਾ ਰਿਪੋਰਟ ਮੁਤਾਬਕ ਹਥਿਆਰਾਂ ਦੀ ਵਿਕਰੀ ਵਿਚ 2016-17 ਵਿਚ ਭਾਰਤ ਨੇ 5 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਹੈ।

Indian Defence

ਨਵੀਂ ਦਿੱਲੀ, ( ਭਾਸ਼ਾ ) : ਭਾਰਤ ਰਵਾਇਤੀ ਤੌਰ 'ਤੇ ਦੁਨੀਆ ਦੇ ਸੱਭ ਤੋਂ ਵੱਡੇ ਹਥਿਆਰਾਂ ਦੇ ਖਰੀਦਦਾਰ ਦੇਸ਼ਾਂ ਵਿਚੋਂ ਇਕ ਹੈ। ਰੂਸ, ਅਮਰੀਕਾ, ਫਰਾਂਸ ਅਤੇ ਇਜ਼ਰਾਈਲ ਤੋਂ ਭਾਰਤ ਵੱਡੀ ਗਿਣਤੀ ਵਿਚ ਹਥਿਆਰ ਦੀ ਖਰੀਦ ਕਰਦਾ  ਹੈ। 2013 ਤੋਂ 2017 ਦੌਰਾਨ ਦੁਨੀਆ ਭਰ ਦੇ ਕੁਲ ਹਥਿਆਰਾਂ ਦੀ ਖਰੀਦ ਵਿਚੋਂ 12 ਫ਼ੀ ਸਦੀ ਸਿਰਫ ਭਾਰਤ ਨੇ ਹੀ ਖਰੀਦੇ ਸਨ। ਹੁਣ ਭਾਰਤ ਦੁਨੀਆ ਦੇ ਹਥਿਆਰ ਖਰੀਦਾਰਾਂ ਦੀ ਸੂਚੀ ਵਿਚ ਚੌਥਾ ਤੇਜੀ ਨਾਲ ਵੱਧ ਰਿਹਾ ਮੁਲਕ ਬਣ ਰਿਹਾ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਇੰਸਟੀਚਿਊਟ ਦੀ ਤਾਜ਼ਾ ਰਿਪੋਰਟ ਮੁਤਾਬਕ

ਹਥਿਆਰਾਂ ਦੀ ਵਿਕਰੀ ਵਿਚ 2016-17 ਵਿਚ ਭਾਰਤ ਨੇ 5 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਹੈ। ਹਥਿਆਰਾਂ ਦੀ ਵਿਕਰੀ ਵਿਚ ਭਾਰਤ ਦੇ ਵਾਧੇ ਦਾ ਇਹ ਅੰਕੜਾ ਅਮਰੀਕਾ ( 2 ਫ਼ੀ ਸਦੀ) ਤੋਂ ਵੀ ਵੱਧ ਹੈ। ਜਦਕਿ ਫਰਾਂਸ, ਜਰਮਨੀ ਅਤੇ ਰੂਸ ਤੋਂ ਘੱਟ ਹੈ। ਇਸ ਸੂਚੀ ਵਿਚ ਚੀਨ ਨੂੰ ਸ਼ਾਮਲ ਨਹੀਂ ਕੀਤਾ ਗਿਆ। ਭਾਰਤ ਹੁਣ ਵੀ ਵੱਡੀ ਗਿਣਤੀ ਵਿਚ ਰੂਸ, ਫਰਾਂਸ ਅਤੇ ਅਮਰੀਕਾ ਤੋਂ ਹਥਿਆਰਾਂ ਦੀ ਖਰੀਦ ਕਰਦਾ ਹੈ ਪਰ ਭਾਰਤ ਦਾ ਬਦਲ ਰਿਹਾ ਪੱਖ ਭਾਰਤ ਦੀ ਦੁਨੀਆਵੀ ਤਾਕਤ ਨੂੰ ਅਲਗ ਹੀ ਤਰਕ ਵਿਚ ਪੇਸ਼ ਕਰਦਾ ਹੈ। ਹਥਿਆਰਾਂ ਦੀ ਖਰੀਦ ਵਿਚ ਹੋਇਆ

ਇਹ ਵਾਧਾ ਹਥਿਆਰਾਂ ਦੇ ਬਜ਼ਾਰ ਵਿਚ ਭਾਰਤ ਦੇ ਦਖਲ ਅਤੇ ਵਿਦੇਸ਼ ਨੀਤੀ ਨੂੰ ਦਰਸਾ ਰਿਹਾ ਹੈ। ਸਾਲ 2016 ਵਿਚ ਪੀਐਮ ਮੋਦੀ ਦੇ ਵੀਅਤਨਾਮ ਦੌਰੇ ਦੌਰਾਨ ਭਾਰਤ ਨੇ ਵੀਅਤਨਾਮ ਨੂੰ 500 ਮਿਲੀਅਨ ਡਾਲਰ ਡਿਫੈਂਸ ਲੋਨ ਦੀ ਪੇਸ਼ਕਸ਼ ਕੀਤੀ ਸੀ। ਇਸੇ ਸਾਲ ਵੀਅਤਨਾਮ ਨੂੰ ਏਅਰ ਆਕਾਸ਼ ਮਿਜ਼ਾਇਲ ਅਤੇ ਸੁਪਰਸੋਨਿਕ ਬ੍ਰਹਮੋਸ ਮਿਜ਼ਾਇਲ ਵੇਚਣ ਲਈ ਗੱਲਬਾਤ ਸ਼ੁਰੂ ਹੋਈ ਸੀ। ਭਾਰਤ ਜਿਹਨਾਂ ਦੇਸ਼ਾਂ ਤੋਂ ਹਥਿਆਰਾਂ ਦੀ ਖਰੀਦ ਕਰਦਾ ਹੈ ਉਹਨਾਂ ਦੇ ਨਾਲ ਮਹੱਤਵਪੂਰਨ ਰਾਜਨੀਤਕ ਅਤੇ ਰਣਨੀਤਕ ਸਾਂਝੇਦਾਰੀ ਵੀ ਕਰ ਰਿਹਾ ਹੈ। ਵੀਅਤਨਾਮ ਅਤੇ ਮਾਲਦੀਵ

ਸਮੁੰਦਰੀ ਸਰਹੱਦਾਂ ਦੀ ਸਾਂਝੇਦਾਰੀ ਲਈ ਜ਼ਰੂਰੀ ਹਨ। ਸੇਸ਼ਲਸ ਅਤੇ ਅਫਗਾਨਿਸਤਾਨ ਜਿਹੇ ਦੇਸ਼ ਭਾਰਤ ਦੀ ਕੂਟਨੀਤੀ ਦਾ ਹਿੱਸਾ ਹਨ। ਇਹ ਸਾਰੇ ਦੇਸ਼ ਜਾਂ ਤਾ ਪਾਕਿਸਤਾਨ ਦੀ ਸਰਹੱਦ ਨਾਲ ਲਗੇ ਹੋਏ ਹਨ ਜਾਂ ਫਿਰ ਹਿੰਦ ਮਹਾਂਸਾਗਰ ਵਿਚ ਚੀਨ ਦੀ ਦਖਲਅੰਦਾਜ਼ੀ ਨੂੰ ਰੋਕਣ ਲਈ ਭਾਰਤ ਦੇ ਸਹਿਯੋਗੀ ਬਣ ਸਕਦੇ ਹਨ। ਭਾਰਤ ਦੀ ਇਹ ਰੱਖਿਆ ਖਰੀਦ ਇਸ ਸਮੇਂ ਚੀਨ ਦੇ ਲਈ ਚੁਣੌਤੀ ਨਹੀਂ ਬਣ ਰਹੀ ਕਿਉਂਕਿ ਚੀਨ ਦੀ ਰੱਖਿਆ ਖਰੀਦ ਭਾਰਤ ਦੇ ਮੁਕਾਬਲੇ ਲਗਭਗ 25 ਗੁਣਾ ਵੱਧ ਹੈ।