ਉਪਿੰਦਰ ਕੁਸ਼ਵਾਹਾ ਨੇ ਕੇਂਦਰੀ ਕੈਬਨਿਟ 'ਚੋਂ ਦਿਤਾ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਅੱਜ ਰਾਸ਼ਟਰੀ ਲੋਕ ਸਮਤਾ ਪਾਰਟੀ (ਰਾਲੋਸਪਾ) ਪ੍ਰਧਾਨ ਉਪਿੰਦਰ ਕੁਸ਼ਵਾਹਾ ਨੇ ਸੋਮਵਾਰ...

Upendra Kushwaha

ਨਵੀਂ ਦਿੱਲੀ, 11 ਦਸੰਬਰ : ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਅੱਜ ਰਾਸ਼ਟਰੀ ਲੋਕ ਸਮਤਾ ਪਾਰਟੀ (ਰਾਲੋਸਪਾ) ਪ੍ਰਧਾਨ ਉਪਿੰਦਰ ਕੁਸ਼ਵਾਹਾ ਨੇ ਸੋਮਵਾਰ ਨੂੰ ਕੇਂਦਰੀ ਕੈਬਨਿਟ 'ਚੋਂ ਅਸਤੀਫ਼ਾ ਦੇ ਦਿਤਾ। ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਐਨ.ਡੀ.ਏ. ਤੋਂ ਵੀ ਵੱਖ ਹੋ ਗਏ। 
ਅਪਣੇ ਅਸਤੀਫ਼ੇ 'ਚ ਕੁਸ਼ਵਾਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਉਹ 'ਨਿਰਉਤਸ਼ਾਹਿਤ ਹੋਏ' ਅਤੇ ਉਨ੍ਹਾਂ ਨੂੰ 'ਧੋਖਾ ਮਿਲਿਆ।' ਉਨ੍ਹਾਂ ਚਿੱਠੀ 'ਚ ਲਿਖਿਆ, ''ਇਹ ਮੰਦਭਾਗਾ ਹੈ।

ਕਿ ਸਰਕਾਰ ਦੀ ਪਹਿਲ ਗ਼ਰੀਬ ਅਤੇ ਦਬੇ ਕੁਚਲਿਆਂ ਲਈ ਕੰਮ ਕਰਨ ਦੀ ਨਹੀਂ ਬਲਕਿ ਸਿਆਸੀ ਵਿਰੋਧੀਆਂ ਨੂੰ ਕਿਸੇ ਵੀ ਤਰੀਕੇ ਨਾਲ ਠੀਕ ਕਰਨ ਦੀ ਹੈ।''
ਕੁਸ਼ਵਾਹਾ ਪਿਛਲੇ ਕੁੱਝ ਹਫ਼ਤਿਆਂ ਤੋਂ ਭਾਜਪਾ ਅਤੇ ਉਸ ਦੀਆਂ ਅਹਿਮ ਸਹਿਯੋਗੀ ਪਾਰਟੀਆਂ ਜਨਤਾ ਦਲ (ਯੂ) ਆਗੂ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਨਿਸ਼ਾਨਾ ਲਾ ਰਹੇ ਸਨ। ਕੁਸ਼ਵਾਹਾ ਭਾਜਪਾ ਵਲੋਂ ਇਸ ਗੱਲ 'ਤੇ ਜ਼ੋਰ ਦਿਤੇ ਜਾਣ ਤੋਂ ਬਾਅਦ ਨਾਰਾਜ਼ ਸਨ ਕਿ ਰਾਲੋਸਪਾ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਦੋ ਤੋਂ ਜ਼ਿਆਦਾ ਸੀਟਾਂ ਨਹੀਂ ਦਿਤੀਆਂ ਜਾਣਗੀਆਂ। ਦੂਜੇ ਪਾਸੇ ਭਾਜਪਾ ਅਤੇ ਜਨਤਾ ਦਲ (ਯੂ) ਵਿਚਕਾਰ ਬਰਾਬਰ ਸੀਟਾਂ 'ਤੇ ਚੋਣ ਲੜਨ ਦੀ ਸਹਿਮਤੀ ਬਣੀ ਹੈ।

ਰਾਲੋਸਪਾ ਵਿਰੋਧੀ ਪਾਰਟੀਆਂ ਨਾਲ ਹੱਥ ਮਿਲਾ ਸਕਦੀ ਹੈ ਜਿਸ 'ਚ ਲਾਲੂ ਪ੍ਰਸਾਦ ਦੀ ਆਰ.ਜੇ.ਡੀ. ਅਤੇ ਕਾਂਗਰਸ ਸ਼ਾਮਲ ਹਨ। ਕਾਂਗਰਸ ਨੇ ਕੁਸ਼ਵਾਹਾ ਨੂੰ ਐਨ.ਡੀ.ਏ. ਤੋਂ ਵੱਖ ਹੋਣ ਦੀ ਵਧਾਈ ਦਿਤੀ ਹੈ। ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸੱਤਾ ਨੂੰ ਸੱਚ ਦੱਸਣ ਲਈ ਕੁਸ਼ਵਾਹਾ ਨੂੰ ਮੁਬਾਰਕਬਾਦ ਦਿਤੀ ਅਤੇ ਸੱਦਾ ਦਿਤਾ ਕਿ ਆਉ ਨਵੇਂ ਭਾਰਤ ਦਾ ਨਿਰਮਾਣ ਕਰੀਏ।  (ਪੀਟੀਆਈ)