ਕੈਬਨਿਟ ਤੋਂ ਅਸਤੀਫ਼ਾ ਦੇਣ ਤੇ ਰਾਹੁਲ ਦੇ ਦੱਸੇ ਕੰਮ ਹੀ ਕਰਨ ਸਿੱਧੂ : ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਵਿਵਾਦਾਂ ਵਿਚ ਫਸ ਗਏ ਹਨ। ਇਸ ਵਾਰ ਉਨ੍ਹਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...

Navjot Singh Sidhu & Tripat Rajinder Singh Bajwa

ਚੰਡੀਗੜ੍ਹ (ਸਸਸ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਵਿਵਾਦਾਂ ਵਿਚ ਫਸ ਗਏ ਹਨ। ਇਸ ਵਾਰ ਉਨ੍ਹਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਦਿਤੇ ਬਿਆਨ, ‘ਕੌਣ ਕੈਪਟਨ, ਉਹ ਸਿਰਫ਼ ਆਰਮੀ ਦੇ ਕੈਪਟਨ, ਮੇਰੇ ਕੈਪਟਨ ਰਾਹੁਲ ਗਾਂਧੀ’ ‘ਤੇ ਵਿਵਾਦ ਖੜਾ ਹੋਇਆ ਹੈ। ਆਪਣੀ ਹੀ ਸਰਕਾਰ ਦੇ 4 ਮੰਤਰੀ ਅਤੇ ਇਕ ਸਾਬਕਾ ਮੰਤਰੀ ਇਸ ਬਿਆਨ ‘ਤੇ ਸਿੱਧੂ ਤੋਂ ਨਾਰਾਜ਼ ਹਨ। ਉਨ੍ਹਾਂ ਨੇ ਸਿੱਧੂ ਦੇ ਅਸਤੀਫ਼ੇ ਤੱਕ ਦੀ ਮੰਗ ਕੀਤੀ ਹੈ।

ਤੈਅ ਹੈ ਕਿ ਸੋਮਵਾਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿਚ ਇਹ ਮੁੱਦਾ ਗਰਮਾਏਗਾ। ਸ਼ੁੱਕਰਵਾਰ ਨੂੰ ਹੈਦਰਾਬਾਦ ਵਿਚ ਚੋਣਾਂ ਦੇ ਪ੍ਰਚਾਰ ਦੌਰਾਨ ਸਿੱਧੂ ਨੇ ਇਹ ਬਿਆਨ ਦਿਤਾ ਸੀ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਮਾਲ ਮੰਤਰੀ  ਸੁਖਬਿੰਦਰ ਸਿੰਘ ਸਰਕਾਰੀਆ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਖੇਡ ਮੰਤਰੀ  ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸਿੱਧੂ ਦੇ ਬਿਆਨ ‘ਤੇ ਨਾਰਾਜ਼ਗੀ ਪ੍ਰਗਟਾਈ ਹੈ।

ਚੰਡੀਗੜ੍ਹ ਅਤੇ ਜਲੰਧਰ ਵਿਚ ਦਿੱਤੇ ਬਿਆਨ ਵਿਚ ਬਾਜਵਾ ਨੇ ਕਿਹਾ ‘ਜੇਕਰ ਸਿੱਧੂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅਪਣਾ ਕੈਪਟਨ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਨੈਤਿਕ ਆਧਾਰ ਉਤੇ ਕੈਬਨਿਟ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਉਹ ਉਥੇ ਹੀ ਜਾ ਕੇ ਕੰਮ ਕਰਨ, ਜਿੱਥੇ ਰਾਹੁਲ ਗਾਂਧੀ ਉਨ੍ਹਾਂ ਦੀ ਡਿਊਟੀ ਲਗਾਉਣ। ਸਾਡੇ ਕੈਪਟਨ ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਹਨ। ਸਿੱਧੂ ਐਕਸਟਰਾ ਆਰਡੀਨੇਰੀ ਹਨ। ਉਨ੍ਹਾਂ ਦਾ ਕਰੀਅਰ ਉਨ੍ਹਾਂ ਨੂੰ ਦੂਰ ਤੱਕ ਲੈ ਜਾਣ ਵਾਲਾ ਹੈ।

ਇਸ ਲਈ ਉਨ੍ਹਾਂ ਨੂੰ ਹਰ ਗੱਲ ਸੋਚ ਕੇ ਬੋਲਣੀ ਚਾਹੀਦੀ ਹੈ।’ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਵੀ ਸਿੱਧੂ ਨੂੰ ਕੈਪਟਨ ਤੋਂ ਮਾਫੀ ਮੰਗਣ ਨੂੰ ਕਿਹਾ ਹੈ।  ਇਸ ਮੁੱਦੇ ‘ਤੇ ਸਿੱਧੂ ਦਾ ਕਹਿਣਾ ਹੈ, “ਦੁਨੀਆ ਜਾਣਦੀ ਹੈ, ਮੈਂ ਇਮਰਾਨ ਖ਼ਾਨ ਦੇ ਨਿਜੀ ਸੱਦੇ ਉਤੇ ਗਿਆ ਸੀ। ਸਿੱਧੂ ਨੇ ਸ਼ਨੀਵਾਰ ਨੂੰ ਟਵੀਟ ਕੀਤਾ, ‘ਗਲਤ ਬਿਆਨ ਕਰਨ ਤੋਂ ਪਹਿਲਾਂ ਅਪਣੀ ਜਾਣਕਾਰੀ ਠੀਕ ਕਰ ਲਓ। ਰਾਹੁਲ ਗਾਂਧੀ ਨੇ ਮੈਨੂੰ ਕਦੇ ਪਾਕਿਸਤਾਨ ਜਾਣ ਲਈ ਨਹੀਂ ਕਿਹਾ।’

ਹਾਲਾਂਕਿ, ਸ਼ੁੱਕਰਵਾਰ ਨੂੰ ਹੈਦਰਾਬਾਦ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਸਿੱਧੂ ਨੇ ਕਿਹਾ ਸੀ, ‘ਮੇਰੇ ਕੈਪਟਨ ਰਾਹੁਲ ਗਾਂਧੀ ਹਨ। ਉਨ੍ਹਾਂ ਨੇ ਹੀ ਮੈਨੂੰ ਪਾਕਿਸਤਾਨ ਭੇਜਿਆ।’ ਨਾਲ ਹੀ ਸਿੱਧੂ ਨੇ ਕਿਹਾ ਸੀ, “ਉਹ ਫੌਜ ਦੇ ਕੈਪਟਨ ਹਨ। ਮੇਰੇ ਕੈਪਟਨ ਰਾਹੁਲ ਗਾਂਧੀ ਹਨ। ਰਾਹੁਲ ਗਾਂਧੀ ਅਮਰਿੰਦਰ ਦੇ ਵੀ ਕੈਪਟਨ ਹੈ।’ ਅਮਰਿੰਦਰ ਨੇ ਪਾਕਿਸਤਾਨ ਦਾ ਸੱਦਾ ਠੁਕਰਾਉਂਦੇ ਹੋਏ ਕਰਤਾਰਪੁਰ ਸਾਹਿਬ ਜਾਣ ਤੋਂ ਇਨਕਾਰ ਕਰ ਦਿਤਾ ਸੀ। ਨਾਲ ਹੀ ਕਿਹਾ ਸੀ ਕਿ ਉਨ੍ਹਾਂ ਨੇ ਸਿੱਧੂ ਨੂੰ ਕਿਹਾ ਸੀ ਕਿ ਉਹ ਪਾਕਿ ਜਾਣ ਦੇ ਫ਼ੈਸਲੇ ਉਤੇ ਇਕ ਵਾਰ ਫਿਰ ਵਿਚਾਰ ਕਰਨ।

Related Stories