ਖੇਤੀ ਕਾਨੂੰਨਾਂ ਦਾ ਪਾਠ ਪੜ੍ਹਾਉਣ ਲਈ ਭਾਜਪਾ ਦੀ ਨਵੀਂ ਮੁਹਿੰਮ!
ਸਾਰੇ ਜ਼ਿਲ੍ਹਿਆਂ ‘ਚ ਕੀਤੀਆਂ ਜਾਣਗੀਆਂ 700 ਪ੍ਰੈੱਸ ਕਾਨਫਰੰਸਾਂ ਤੇ 700 'ਚੌਪਾਲਾਂ'
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੋਧੀ ਅੰਦੋਲਨ ਦੇ ਚਲਦਿਆਂ ਭਾਜਪਾ ਵੱਲ਼ੋਂ ਦੇਸ਼ ਵਾਸੀਆਂ ਨੂੰ ਇਹਨਾਂ ਕਾਨੂੰਨ ਪ੍ਰਤੀ ਜਾਗਰੂਕ ਕਰਨ ਲਈ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੇ ਲਈ ਭਾਜਪਾ ਵੱਲੋਂ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿਚ ਪ੍ਰੈੱਸ ਕਾਨਫਰੰਸ ਤੇ 'ਚੌਪਾਲਾਂ' ਦਾ ਅਯੋਜਨ ਕੀਤਾ ਜਾਵੇਗਾ।
ਇਸ ਦੇ ਜ਼ਰੀਏ ਲੋਕਾਂ ਨੂੰ ਖੇਤੀ ਕਾਨੂੰਨਾਂ ਦੇ ਫਾਇਦਿਆਂ ਬਾਰੇ ਦੱਸਿਆ ਜਾਵੇਗਾ। ਇਸ ਮੁਹਿੰਮ ਦੀ ਸ਼ੁਰੂਆਤ ਅੱਜ ਤੋਂ ਹੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕਿਸਾਨ ਵਿਰੋਧੀ ਨਵੇਂ ਖੇਤੀ ਕਾਨੂੰਨਾਂ ਦੇ ਚਲਦਿਆਂ ਬਾਅਦ ਭਾਜਪਾ ਸਰਕਾਰ ਨੂੰ ਕਾਫੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਭਰ ਦੇ ਕਿਸਾਨ ਪਿਛਲੇ 15 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਿਸਾਨਾਂ ਵੱਲੋਂ ਲਗਾਤਾਰ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਸਰਕਾਰ ਅਪਣੇ ਫੈਸਲੇ ‘ਤੇ ਕਾਇਮ ਹੈ।
ਸਰਕਾਰ ਦਾ ਦਾਅਵਾ ਹੈ ਕਿ ਨਵੇਂ ਕਾਨੂੰਨਾਂ ਕਿਸਾਨਾਂ ਦੇ ਫਾਇਦੇ ਲਈ ਹਨ ਤੇ ਇਹਨਾਂ ਨਾਲ ਕਿਸਾਨਾਂ ਦੀ ਆਮਦਨ ‘ਚ ਵਾਧਾ ਹੋਵੇਗਾ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹਨਾਂ ਕਾਨੂੰਨਾਂ ਨਾਲ ਕਿਸਾਨਾਂ ਤੇ ਖੇਤੀਬਾੜੀ ਦਾ ਨੁਕਸਾਨ ਹੋਵੇਗਾ ਤੇ ਇਹ ਸਿਰਫ਼ ਵਪਾਰੀਆਂ ਦੇ ਫਾਇਦੇ ਲਈ ਬਣਾਏ ਗਏ ਹਨ।
ਕਿਸਾਨਾਂ ਤੋਂ ਇਲਾਵਾ ਵਿਰੋਧੀ ਧਿਰਾਂ ਵੀ ਨਵੇਂ ਖੇਤੀ ਕਾਨੂੰਨਾਂ ਲਈ ਕੇਂਦਰ ਸਰਕਾਰ ‘ਤੇ ਹਮਲੇ ਬੋਲ ਰਹੀਆਂ ਹਨ। ਇਸ ਦੇ ਨਾਲ ਵਿਦੇਸ਼ਾਂ ਵਿਚੋਂ ਵੀ ਖੇਤੀ ਕਾਨੂੰਨਾਂ ਖਿਲਾਫ਼ ਆਵਾਜ਼ ਚੁੱਕੀ ਜਾ ਰਹੀ ਹੈ।