ਦਿੱਲੀ ਬਾਰਡਰਾਂ ਤੇ ਪਹੁੰਚਣ ਲੱਗੇ ਆਪ-ਮੁਹਾਰੇ ਲੋਕ, ਕਿਸਾਨਾਂ ਦੇ ਹੌਂਸਲਿਆਂ ਨੂੁੰ ਮਿਲੀ ਉੱਚੀ ਉਡਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੱਚਾ ਆੜ੍ਹਤੀਆ ਐਸੋਸੀਏਸ਼ਨ ਤੇ ਈਟੀਟੀ ਟੀਚਰ ਯੂਨੀਅਨ ਦੇ ਨੁਮਾਇੰਦਿਆਂ ਦੀ ਧਰਨੇ 'ਚ ਸ਼ਮੂਲੀਅਤ

Farmers Protest

ਨਵੀਂ ਦਿੱਲੀ: ਦਿੱਲੀ ਦੀਆਂ ਸਰਹੱਦਾਂ ਦੇ ਡੇਰਾ ਜਮਾਈ ਬੈਠੀਆਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਲੋਕਾਂ ਦੇ ਆਪ-ਮੁਹਾਰੇ ਪਹੁੰਚਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੇਂਦਰ ਸਰਕਾਰ ਦੇ ਸਖਤ ਰੁਖ ਨੂੰ ਵੇਖਦਿਆਂ ਕਿਸਾਨਾਂ ਨੇ ਲਾਮਬੰਦੀ ਹੋਰ ਵਧਾ ਦਿਤੀ ਹੈ ਅਤੇ ਸੰਘਰਸ਼ ਦਾ ਘੇਰਾ ਹੋਰ ਮੋਕਲਾ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿਤੀਆਂ ਹਨ। ਲੋਕਾਂ ਦੇ ਦਿੱਲੀ ਵੱਲ ਕੂਚ ਕਾਰਨ ਧਰਨਾ ਸਥਾਨਾਂ ਤੇ ਭੀੜ ਵਧਦੀ ਜਾ ਰਹੀ ਹੈ ਅਤੇ ਹਲਾਤ ਅਜਿਹੇ ਬਣਦੇ ਜਾ ਰਹੇ ਹਨ ਕਿ ਪੈਰ ਧਰਨ ਲਈ ਵੀ ਜ਼ਮੀਨ ਘਟਣ ਲੱਗੀ ਹੈ।

ਸਮਰਥਕਾਂ ਦੀ ਗਿਣਤੀ ਵਧਣ ਕਾਰਨ ਕਿਸਾਨਾਂ ਦੇ ਹੌਂਸਲੇ ਹੋਰ ਵਧ ਗਏ ਹਨ।  ਕਲਾਕਾਰਾਂ, ਮਜ਼ਦੂਰਾਂ, ਸਾਬਕਾ ਫੌਜੀਆਂ ਮਗਰੋਂ ਹੁਣ ਪੰਜਾਬ ਦੇ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦਿਆਂ ਤੇ ਈਟੀਟੀ ਟੀਚਰ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਨੇ ਵੀ ਟਿਕਰੀ ਬਾਰਡਰ ਉੱਤੇ ਪੁੱਜ ਕੇ ਕਿਸਾਨ ਅੰਦੋਲਨ ਨੂੰ ਹਮਾਇਤ ਦਿੱਤੀ ਹੈ।

ਖਬਰਾਂ ਮੁਤਾਬਕ ਅੱਜ 50,000 ਦੇ ਕਰੀਬ ਹੋਰ ਕਿਸਾਨ ਅਤੇ 11 ਹਜ਼ਾਰ ਟਰੈਕਟਰ-ਟਰਾਲੀਆਂ ਦਿੱਲੀ ਵੱਲ ਚਾਲੇ ਪਾ ਚੁੱਕੀਆਂ ਹਨ। ਕਿਸਾਨਾ ਆਗੂ ਜੋਗਿੰਦਰ ਸਿੰਘ ਉਗਰਾਹਾਂ ਮੁਤਾਬਕ ਕਿਸਾਨਾਂ ਦੀ ਜੰਗ ਲੰਬੀ ਚੱਲੇਗੀ, ਇਸੇ ਲਈ ਕਿਸਾਨਾਂ ਨੇ 6 ਮਹੀਨਿਆਂ ਦੇ ਮੋਰਚੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨ ਰੱਦ ਕਰਨ ਬਾਅਦ ਹੀ ਵਾਪਸ ਪਰਤਣਗੇ।

ਈਟੀਟੀ ਟੀਚਰ ਯੂਨੀਅਨ ਦੀ ਪੰਜਾਬ ਇਕਾਈ ਦੇ ਪ੍ਰਧਾਨ ਜਗਸੀਰ ਸਿੰਘ ਸਹੋਤਾ ਮੁਤਾਬਕ ਉਨ੍ਹਾਂ ਦੀ ਯੂਨੀਅਨ ਕਿਸਾਨਾਂ ਨਾਲ ਮਿਲ ਕੇ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਹੈ। ਬੱਸਾਂ ਰਾਹੀਂ ਪੰਜਾਬ ਤੋਂ ਦਿੱਲੀ ਪੁੱਜੇ ਆੜ੍ਹਤੀਆਂ ਨੇ ਵੀ ਕਿਸਾਨਾਂ ਨਾਲ ਇੱਕਜੁਟਤਾ ਦਾ ਇਜ਼ਹਾਰ ਕੀਤਾ ਹੈ। ਮੁਕਤਸਰ ਜ਼ਿਲ੍ਹੇ ਦੀ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਕੁਮਾਰ ਬਬਲੂ ਬਾਂਸਲ ਨੇ ਕਿਹਾ ਕਿ ਉਹ ਵੀ ਹਰ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਹਨ ਅਤੇ ਮੀਗਾਂ ਮੰਨੇ ਜਾਣ ਤਕ ਧਰਨੇ ‘ਚ ਡਟੇ ਰਹਿਣਗੇ।