ਲਓ ਜੀ! ਹੁਣ ਖਾਲਸਾ ਏਡ ਨੇ ਬਜ਼ੁਰਗਾਂ ਲਈ ਲਾਇਆ ਮਸਾਜ ਦਾ ਲੰਗਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਮੋਰਚੇ 'ਚ ਡਟੇ ਬਜ਼ੁਰਗਾਂ ਲਈ ਸ਼ੁਰੂ ਕੀਤੀ ਨਵੀਂ ਸੇਵਾ

Khalsa aid setup foot and leg massaging machines for farmers

ਨਵੀਂ ਦਿੱਲੀ:  ਹੱਕਾਂ ਦੀ ਰਾਖੀ ਲਈ ਦਿੱਲੀ ਬਾਰਡਰ ‘ਤੇ ਡਟੇ ਕਿਸਾਨਾਂ ਲਈ ਖਾਲਸਾ ਏਡ ਨੇ ਅਨੋਖਾ ਲੰਗਰ ਲਗਾਇਆ ਹੈ, ਜਿਸ ਦੇ ਚਲਦਿਆਂ ਮੋਰਚੇ ਵਿਚ ਸ਼ਾਮਲ ਬਜ਼ੁਰਗ ਕਿਸਾਨਾਂ ਦੀ ਥਕਾਵਟ ਨੂੰ ਘੱਟ ਕੀਤਾ ਜਾਵੇਗਾ।

ਦਰਅਸਲ ਖਾਲਸਾ ਏਡ ਨੇ ਦਿੱਲੀ ਦੇ ਸਿੰਘੂ ਬਾਰਡਰ ‘ਤੇ ਬਜ਼ੁਰਗਾਂ ਲਈ ਮੁਫ਼ਤ ਮਸਾਜ ਸੇਵਾ ਸ਼ੁਰੂ ਕੀਤੀ ਹੈ, ਜਿਸ ਦੇ ਲਈ ਸੰਸਥਾ ਵੱਲੋਂ ਕਈ ਮਸ਼ੀਨਾਂ ਲਗਾਈਆਂ ਗਈਆਂ ਹਨ। ਮੋਰਚੇ ਵਿਚ ਸ਼ਾਮਲ ਬਜ਼ੁਰਗ ਬੀਬੀਆਂ ਵੀ ਇਸ ਸਹੂਲਤ ਦਾ ਲਾਭ ਲੈ ਰਹੀਆਂ ਹਨ।ਇਸ ਸਬੰਧੀ ਖਾਲਸਾ ਏਡ ਦੇ ਮੈਬਰ ਅਮਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ।

ਉਹਨਾਂ ਦੱਸਿਆ ਕਿ ਖਾਲਸਾ ਏਡ ਇੰਡੀਆ ਟੀਮ ਨੇ ਦਿੱਲੀ ਵਿਚ ਕਿਸਾਨਾਂ ਲਈ ਪੈਰਾਂ ਅਤੇ ਲੱਤਾਂ ਦੀ ਮਾਲਸ਼ ਮਸ਼ੀਨ ਸਥਾਪਤ ਕੀਤੀ ਹੈ। ਦੱਸ ਦਈਏ ਕਿ ਅਪਣੇ ਹੱਕਾਂ ਲਈ ਡਟੇ ਕਿਸਾਨਾਂ ਦੀ ਸੇਵਾ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨ ਤੰਦਰੁਸਤ ਰਹਿ ਕੇ ਇਹ ਜੰਗ ਜਾਰੀ ਰੱਖ ਸਕਣ।  

ਇਸ ਦੇ ਚਲਦਿਆਂ ਹੀ ਵਿਸ਼ਵ ਪ੍ਰਸਿੱਧ ਸੰਸਥਾ ਖਾਲਸਾ ਏਡ ਵੱਲੋਂ ਆਏ ਦਿਨ ਕਿਸਾਨਾਂ ਦੀ ਸੇਵਾ ਲਈ ਲੰਗਰ ਚਲਾਏ ਜਾ ਰਹੇ ਹਨ। ਬੀਤੇ ਦਿਨੀਂ ਖਾਲਸਾ ਏਡ ਨੇ ਕਿਸਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਰੱਖਣ ਲਈ ਅੰਦੋਲਨ ਵਾਲੀਆਂ ਥਾਵਾਂ 'ਤੇ ਅੱਗ ਬੁਝਾਓ ਉਪਕਰਨ ਵੰਡੇ। 

ਖ਼ਾਲਸਾ ਏਡ ਵੱਲੋਂ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਦਿੱਲੀ ਮੋਰਚੇ ਦੌਰਾਨ ਖਾਲਸਾ ਏਡ ਵੱਲੋਂ ਕਿਸਾਨਾਂ ਦੀ ਹਰ ਜ਼ਰੂਰਤ ਦਾ ਖਿਆਲ ਰੱਖਿਆ ਜਾ ਰਿਹਾ ਹੈ। ਖ਼ਾਲਸਾ ਏਡ ਨੇ ਕੁੰਡਲੀ ਬਾਰਡਰ ਵਿਖੇ ਖਾਣ-ਪੀਣ ਅਤੇ ਦਵਾਈਆਂ ਸਮੇਤ ਹੋਰ ਜ਼ਰੂਰਤਾਂ ਦੀ ਪੂਰਤੀ ਲਈ ਵੱਡੇ ਸਟਾਲ ਬਣਾਏ ਹੋਏ ਹਨ।