ਪੰਜਾਬ, ਹਰਿਆਣਾ ਸਮੇਤ ਉਤਰ ਭਾਰਤ 'ਚ ਠੰਡ ਦਾ ਪ੍ਰਕੋਪ ਜਾਰੀ
ਮੌਸਮ ਵਿਭਾਗ ਦਾ ਕਹਿਣਾ ਹੈ ਕਿ 20 ਜਨਵਰੀ ਭਾਵ ਕਿ ਮਾਘੀ ਦੀ ਸੰਗਰਾਦ ਤੋਂ ਬਾਅਦ ਵੀ ਠੰਡ ਦਾ ਪ੍ਰਕੋਪ ਜਾਰੀ ਰਹੇਗਾ।
ਨਵੀਂ ਦਿੱਲੀ : ਪੰਜਾਬ ਅਤੇ ਹਰਿਆਣਾ ਵਿਚ ਠੰਡ ਦਾ ਪ੍ਰਕੋਪ ਜਾਰੀ ਹੈ। ਖੇਤਰ ਵਿਚ ਆਦਮਪੁਰ ਸੱਭ ਤੋਂ ਠੰਡਾ ਥਾਂ ਰਿਹਾ ਜਿਥੇ ਘੱਟ ਤੋਂ ਘੱਟ ਤਾਪਮਾਨ 3.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ਵਿਚ ਤਾਪਮਾਨ ਸਾਧਾਰਨ ਤੋਂ ਦੋ ਡਿਗਰੀ ਵੱਧ 7.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੀਆਂ ਹੋਰਨਾਂ ਥਾਵਾਂ 'ਤੇ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿਚ ਘੱਟ ਤੋਂ ਘੱਟ ਤਾਪਮਾਨ ਕ੍ਰਮਵਾਰ 6,7,1 ਅਤੇ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪਰ ਇਥੇ ਲੋਕਾਂ ਨੂੰ ਠੰਡ ਤੋਂ ਵੱਧ ਰਾਹਤ ਨਹੀਂ ਮਿਲੀ। ਪਠਾਨਕੋਟ, ਹਲਵਾਰਾ ਅਤੇ ਬਠਿੰਡਾ ਵਿਖੇ ਘੱਟ ਤੋਂ ਘੱਟ ਤਾਪਮਾਨ ਕ੍ਰਮਵਾਰ 5.9, 6.4 ਅਤੇ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਥੇ ਹੀ ਹਰਿਆਣਾ ਵਿਚ ਅੰਬਾਲਾ, ਹਿਸਾਰ ਅਤੇ ਕਰਨਾਲ ਵਿਚ ਮੌਸਮ ਠੰਡਾ ਰਿਹਾ ਅਤੇ ਘੱਟ ਤੋਂ ਘੱਟ ਤਾਪਮਾਨ 7.2 ਫ਼ੀ ਸਦੀ, 7.5 ਫ਼ੀਸਦੀ ਅਤੇ 5.6 ਡਿਗਰੀ ਸੈਸਲੀਅਸ ਦਰਜ ਕੀਤਾ ਗਿਆ। ਰੋਹਤਕ, ਨਰਨੌਲ ਅਤੇ ਭਵਾਨੀ ਵਿਖੇ ਤਾਪਮਾਨ 7.6, 5.3 ਅਤੇ 8.7 ਡਿਗਰੀ ਰਿਹਾ। ਲੁਧਿਆਣਾ, ਹਿਸਾਰ ਤੋਂ ਇਲਾਵਾ ਕੁਝ ਥਾਵਾਂ 'ਤੇ ਧੁੰਦ ਵੀ ਦੇਖੀ ਗਈ।
ਦਿੱਲੀ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਅਜੇ ਕੁਝ ਦਿਨਾਂ ਤੱਕ ਇਥੇ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਰਹਿਣ ਦਾ ਅੰਦਾਜ਼ਾ ਹੈ। ਮੱਧ ਪ੍ਰਦੇਸ਼ ਦੇ ਨੇੜੇ 12 ਤੋਂ ਵੱਧ ਜ਼ਿਲ੍ਹਿਆਂ ਵਿਚ ਤਾਪਮਾਨ 7 ਡਿਗਰੀ ਸੈਲਸੀਅਸ ਤੋਂ ਹੇਠਾਂ ਹੈ। ਬੀਤੀ ਰਾਤ ਗਵਾਲੀਅਰ ਦਾ ਤਾਪਮਾਨ 4.4 ਡਿਗਰੀ ਰਿਹਾ ਜਦਕਿ ਖੁਜਰਾਹੋ ਅਤੇ ਨੌਗਾਂਵ ਵਿਚ ਵੀ ਸਾਧਾਰਨ ਤੋਂ ਤਾਪਮਾਨ ਬਹੁਤ ਘੱਟ ਰਿਹਾ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ 20 ਜਨਵਰੀ ਭਾਵ ਕਿ ਮਾਘੀ ਦੀ ਸੰਗਰਾਦ ਤੋਂ ਬਾਅਦ ਵੀ ਠੰਡ ਦਾ ਪ੍ਰਕੋਪ ਜਾਰੀ ਰਹੇਗਾ। ਮੰਨਿਆ ਜਾ ਰਿਹਾ ਹੈ ਕਿ ਮਾਘੀ ਦੀ ਸੰਗਰਾਦ 'ਤੇ ਦਿੱਲੀ ਐਨਸੀਆਰ ਸਮੇਤ ਕੁਝ ਇਲਾਕਿਆਂ ਵਿਚ ਮੀਂਹ ਪੈਣ ਨਾਲ ਠੰਡ ਹੋਰ ਵੱਧ ਸਕਦੀ ਹੈ।