ਸੀਬੀਐਸਈ 'ਚ ਨਵੀਂ ਵਿਵਸਥਾ ਮਾਰਚ 2020 ਤੋਂ ਲਾਗੂ, 10ਵੀਂ ਦਾ ਗਣਿਤ ਹੋਇਆ ਸੌਖਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਗਣਿਤ ਦੀ ਪ੍ਰੀਖਿਆ ਦੋ ਪੱਧਰਾਂ 'ਤੇ ਹੋਵੇਗੀ। ਇਕ ਮੁੱਢਲੀ ਅਤੇ ਦੂਜੀ ਸਟੈਂਡਰਡ।

Central Board of Secondary Education

ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੇ 10ਵੀਂ ਦੇ ਵਿਦਿਆਰਥੀਆਂ ਵਿਚ ਹੁਣ ਗਣਿਤ ਦੀ ਪ੍ਰੀਖਿਆ ਪ੍ਰਤੀ ਮਾਨਸਿਕ ਤਣਾਅ ਘੱਟ ਹੋ ਜਾਵੇਗਾ। ਹੁਣ ਗਣਿਤ ਦੀ ਪ੍ਰੀਖਿਆ ਦੋ ਪੱਧਰਾਂ 'ਤੇ ਹੋਵੇਗੀ। ਇਕ ਮੁੱਢਲੀ ਅਤੇ ਦੂਜੀ ਸਟੈਂਡਰਡ। ਮੁੱਢਲੀ ਪ੍ਰੀਖਿਆ ਸੌਖੀ ਹੋਵੇਗੀ ਜਦਕਿ ਸਟੈਂਡਰਡ ਪ੍ਰੀਖਿਆ ਮੌਜੂਦਾ ਪੱਧਰ ਦੀ ਹੀ ਹੋਵੇਗੀ । ਇਹ ਨਵੀਂ ਵਿਵਸਥਾ ਮਾਰਚ 2020 ਦੀ ਪ੍ਰੀਖਿਆ ਤੋਂ ਲਾਗੂ ਹੋਵੇਗੀ। ਸੀਬੀਐਸਈ ਦੇ ਨਿਰਦੇਸ਼ਕ ਡਾ.ਜੋਸੇਫ ਇਮੈਨੁਅਲ ਮੁਤਾਬਕ ਰਾਸ਼ਟਰੀ ਪਾਠਕ੍ਰਮ ਫਰੇਮਵਰਕ 2005 ਵਿਚ ਵੀ ਇਕ ਵਿਸ਼ੇ ਦੇ ਲਈ ਦੋ ਪੱਧਰ ਦੀ ਪ੍ਰੀਖਿਆ ਕਰਵਾਉਣ ਦੀ ਗੱਲ ਕੀਤੀ ਗਈ ਹੈ।

ਇਸ ਨਾਲ ਵਿਦਿਆਰਥੀਆਂ ਨੂੰ ਵਿਕਲਪ ਚੁਣਨ ਦਾ ਮੌਕਾ ਮਿਲ ਸਕੇਗਾ। ਅਜਿਹੇ ਵਿਚ ਬੋਰਡ ਨੇ 10ਵੀਂ ਵਿਚ ਗਣਿਤ ਵਿਸ਼ੇ ਦੇ ਲਈ ਦੋ ਪੱਧਰ ਦੇ ਪੇਪਰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਬੋਰਡ ਮੁਤਾਬਕ ਦੋਹਾਂ ਪੱਧਰ ਦੇ ਪਾਠਕ੍ਰਮ, ਜਮਾਤ ਅਤੇ ਅੰਦਰੂਨੀ ਪ੍ਰੀਖਿਆਵਾਂ ਇਕੋ ਜਿਹੀਆਂ ਹੋਣਗੀਆਂ। ਇਸ ਨਾਲ ਵਿਦਿਆਰਥੀਆਂ ਨੂੰ ਸਾਰਾ ਸਾਲ ਵਿਸ਼ੇ ਨੂੰ ਪੜ੍ਹਨ ਦਾ ਮੌਕਾ ਮਿਲ ਜਾਵੇਗਾ। ਇਸ ਤੋਂ ਬਾਅਦ ਉਹ ਅਪਣੀ ਸਮਰਥਾ ਦੇ ਆਧਾਰ 'ਤੇ ਫੈਸਲਾ ਲੈ ਸਕਣਗੇ ਕਿ ਉਹਨਾਂ ਨੇ ਕਿਸ ਪੱਧਰ ਦੀ ਪ੍ਰੀਖਿਆ ਵਿਚ ਸ਼ਾਮਲ ਹੋਣਾ ਹੈ। ਹਾਲਾਂਕਿ ਇਹ ਨਿਯਮ 9ਵੀਂ ਦੀਆਂ ਪ੍ਰੀਖਿਆਵਾਂ ਵਿਚ ਲਾਗੂ ਨਹੀਂ ਹੋਵੇਗਾ।

ਸਟੈਂਡਰਡ ਪੱਧਰ ਉਹਨਾਂ ਵਿਦਿਆਰਥੀਆਂ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ, ਜੋ ਕਿ 11ਵੀਂ ਜਾਂ ਅੱਗੇ ਦੀ ਪੜ੍ਹਾਈ ਗਣਿਤ ਵਿਸ਼ੇ ਦੇ ਨਾਲ ਕਰਨਾ ਚਾਹੁੰਦੇ ਹਨ। ਉਥੇ ਹੀ ਮੁੱਢਲਾ ਪੱਧਰ ਉਹਨਾਂ ਲਈ ਹੋਵੇਗਾ ਜੋ ਗਣਿਤ ਵਿਚ ਉੱਚ ਸਿੱਖਿਆ ਹਾਸਲ ਨਹੀਂ ਕਰਨਾ ਚਾਹੁੰਦੇ। ਵਿਦਿਆਰਥੀ ਫਾਰਮ ਭਰਨ ਵੇਲ੍ਹੇ ਸਟੈਂਡਰਡ ਜਾਂ ਮੁੱਢਲੇ ਗਣਿਤ ਵਿਚੋਂ ਇਕ ਵਿਕਲਪ ਨੂੰ ਚੁਣ ਸਕਦੇ ਹਨ। ਜੇਕਰ ਵਿਦਿਆਰਥੀ ਗਣਿਤ ਵਿਚ ਫੇਲ੍ਹ ਹੋ ਜਾਂਦਾ ਹੈ ਤਾਂ ਕੰਪਾਰਟਮੈਂਟ ਪ੍ਰੀਖਿਆ ਵਿਚ ਪੱਧਰ ਬਦਲ ਸਕਦਾ ਹੈ ।

ਜੇਕਰ ਵਿਦਿਆਰਥੀ ਨੇ ਮੁੱਢਲੇ ਪੱਧਰ ਦੀ ਚੋਣ ਕੀਤੀ ਹੈ ਅਤੇ ਉਹ ਪ੍ਰੀਖਿਆ ਪਾਸ ਕਰ ਲੈਂਦਾ ਹੈ ਤਾਂ ਉਹ ਅਪਣਾ ਪੱਧਰ ਸੁਧਾਰਨ ਲਈ ਕੰਪਾਰਟਮੈਂਟ ਪ੍ਰੀਖਿਆ ਵਿਚ ਸਟੈਂਡਰਡ ਦੀ ਪ੍ਰੀਖਿਆ ਮੁੜ ਤੋਂ ਦੇ ਸਕਦਾ ਹੈ। ਦੱਸ ਦਈਏ ਕਿ ਇਸ ਦੇ ਨਾਲ ਹੀ ਸੀਬੀਐਸਈ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਕਈ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਵਿਚ  ਵੀ ਬਦਲਾਅ ਕੀਤਾ ਹੈ।