ਵਿਦਿਆਰਥੀਆਂ 'ਚ ਤੇਜ਼ੀ ਨਾਲ ਵੱਧ ਰਿਹੈ ਖੁਦਕੁਸ਼ੀ ਦਾ ਰੁਝਾਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਰੋਜ਼ਾਨਾ 28 ਵਿਦਿਆਰਥੀਆਂ ਨੇ ਲਾਇਆ ਮੌਤ ਨੂੰ ਗਲੇ

file photo

ਬੰਗਲੁਰੂ : ਦੇਸ਼ ਅੰਦਰ ਵੱਧ ਰਹੇ ਖੁਦਕੁਸ਼ੀ ਦੇ ਰੁਝਾਨ ਨੇ ਸਮਾਜ ਸ਼ਾਸਤਰੀਆਂ ਤੋਂ ਇਲਾਵਾ ਹਰ ਨਰਮ ਦਿਲ ਇਨਸਾਨ ਨੂੰ ਝੰਜੋੜ ਕੇ ਰੱਖ ਦਿਤਾ ਹੈ। ਪਿਛਲੇ ਸਾਲਾਂ ਦੌਰਾਨ ਇਸ 'ਚ ਵਿਚ ਲਗਾਤਾਰ ਵਾਧਾ ਵੇਖਣ ਨੜੂੰ ਮਿਲ ਰਿਹਾ ਹੈ। ਖਾਸ ਕਰ ਕੇ ਵਿਦਿਆਰਥੀਆਂ ਦੀ ਗਿਣਤੀ 'ਚ ਵੱਡਾ ਵਾਧਾ ਹੋਇਆ ਹੈ।  ਪਿਛਲੇ ਸਾਲ ਦੌਰਾਨ ਰੋਜ਼ਾਨਾ ਔਸਤ 28 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਜੋ ਗਿਣਤੀ ਪੱਖੋਂ ਪਿਛਲੇ ਦਹਾਕੇ ਦਾ ਸਭ ਤੋਂ ਵੱਡਾ ਅੰਕੜਾ ਹੈ।

ਇਸ ਸਮੇਂ ਦੌਰਾਨ 82,000 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ। ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ (ਐਨਸੀਆਰਬੀ) ਦੀ ਸਾਲਾਨਾ ਰਿਪੋਰਟ ਅਨੁਸਾਰ, 1 ਜਨਵਰੀ 2009 ਤੋਂ 31 ਦਸੰਬਰ, 2018 ਤਕ 81,758 ਵਿਦਿਆਰਥੀਆਂ ਨੇ ਮੌਤ ਨੂੰ ਗਲੇ ਲਗਾਇਆ ਹੈ। ਇਸ ਵਿਚ 57% ਵਿਦਿਆਰਥੀਆਂ ਨੇ ਸਿਰਫ਼ ਪੰਜ ਸਾਲਾਂ ਅੰਦਰ ਖੁਦਕੁਸ਼ੀ ਜਿਹਾ ਕਦਮ ਚੁਕਿਆ ਹੈ ਜੇ ਵਧੇਰੇ ਚਿੰਤਾ ਦਾ ਵਿਸ਼ਾ ਹੈ।

ਐਨਸੀਆਰਬੀ ਦੀ ਰਿਪੋਰਟ ਅਨੁਸਾਰ ਪਿਛਲੇ ਸਾਲ ਦੇਸ਼ ਭਰ ਵਿਚ 1.3 ਲੱਖ ਲੋਕਾਂ ਖੁਦਕੁਸ਼ੀ ਕੀਤੀ ਹੈ। ਇਸ ਵਿਚ 8 ਫ਼ੀਸਦੀ ਵਿਦਿਆਰਥੀ ਸਨ। ਜਦਕਿ 2018 ਵਿਚ, 25 ਫ਼ੀ ਸਦੀ ਵਿਦਿਆਰਥੀਆਂ ਨੇ ਇਮਤਿਹਾਨਾਂ ਵਿਚ ਅਸਫ਼ਲ ਹੋਣ ਬਾਅਦ ਅਜਿਹਾ ਕਦਮ ਚੁਕਿਆ।

ਪੰਜ ਰਾਜਾਂ ਵਿਚ ਖੁਦਕੁਸ਼ੀ ਕਰਨ ਦੀ ਦਰ ਸਭ ਤੋਂ ਵੱਧ ਰਹੀ। ਇਨ੍ਹਾਂ ਰਾਜਾਂ ਦਰਜ ਹੋਈਆਂ ਘਟਨਾਵਾਂ ਮੁਤਾਬਕ 4,627 ਲੋਕਾਂ ਨੇ ਖੁਦਕੁਸ਼ੀ ਕੀਤੀ। ਇਨ੍ਹਾਂ ਵਿਚੋ ਮਹਾਰਾਸ਼ਟਰ ਵਿਚ ਇਹ ਅੰਕੜਾ ਸਭ ਤੋਂ ਵਧੇਰੇ ਸੀ। ਇੱਥੇ ਸਭ ਤੋਂ ਵੱਧ 1,448 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ।

ਇਸ ਤੋਂ ਬਾਅਦ ਤਾਮਿਲਨਾਡੂ 953, ਮੱਧ ਪ੍ਰਦੇਸ਼ 862, ਕਰਨਾਟਕ 755 ਤੇ ਪੱਛਮੀ ਬੰਗਾਲ ਵਿਚ 609 ਨੇ ਖੁਦਕੁਸ਼ੀ ਕੀਤੀ। ਇਨ੍ਹਾਂ ਰਾਜਾਂ ਵਿਚ ਵੱਧ ਤੋਂ ਵੱਧ 4,627 ਕੇਸ ਦਰਜ ਕੀਤੇ ਗਏ ਜੋ ਸਾਰੀਆਂ ਘਟਨਾਵਾਂ ਦਾ 45 ਫ਼ੀ ਸਦੀ ਬਣਦਾ ਹੈ। 2014 ਤੋਂ 2018 ਦੌਰਾਨ ਇਨ੍ਹਾਂ ਪੰਜਾਂ ਰਾਜਾਂ ਅੰਦਰ ਖ਼ੁਦੁਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵਧੇਰੇ ਰਹੀ ਹੈ।

ਮਾਹਿਰਾਂ ਅਨੁਸਾਰ ਵਿਦਿਆਰਥੀਆਂ ਦੇ ਖ਼ੁਦਕੁਸ਼ੀ ਕਰਨ ਪਿਛੇ ਤਣਾਅ, ਪਰਵਾਰ ਦਾ ਟੁੱਟਣਾ ਤੇ ਬ੍ਰੇਕ ਅਪ ਆਦਿ ਵਰਗੇ ਕਾਰਨ ਸ਼ਾਮਲ ਹਨ। ਮਨੋਵਿਗਿਆਨਕਾਂ ਦਾ ਕਹਿਣਾ ਹੈ ਕਿ ਤਣਾਅ, ਸ਼ਾਈਜ਼ੋਫਰੀਨੀਆ ਤੇ ਹੋਰ ਮਾਨਸਿਕ ਸਮੱਸਿਆਵਾਂ ਤੇ ਨਸ਼ਾਖੋਰੀ ਖੁਦਕੁਸ਼ੀ ਦੇ ਸਭ ਤੋਂ ਆਮ ਕਾਰਨ ਹਨ। ਜਦਕਿ ਸਮਾਜ ਸ਼ਾਸਤਰੀ ਤੇ ਜ਼ਿਆਦਾਤਰ ਲੋਕ ਇਸ ਨੂੰ ਮਾਨਸਿਕ-ਸਮਾਜਿਕ ਸਮੱਸਿਆ ਮੰਨਦੇ ਹਨ।