ਹੁਣ ਤਕ ਕਰੀਬ 45 ਹਜ਼ਾਰ ਭਾਰਤੀ ਸ਼ਰਧਾਲੂਆਂ ਨੇ ਕਰਤਾਰਪੁਰ ਸਾਹਿਬ ਮੱਥਾ ਟੇਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੰਬਰ 2019 ਵਿਚ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਪਾਕਿਸਤਾਨ 'ਚ ਸ੍ਰੀ ਕਰਤਾਰਪੁਰ ਸਾਹਿਬ ਗੁਰਦਵਾਰੇ ਮੱਥਾ ਟੇਕਣ ਲਈ ਕੁੱਲ 44,951 ਸ਼ਰਧਾਲੂ ਯਾਤਰਾ ਕਰ ਚੁੱਕੇ ਹਨ।

Photo

ਨਵੀਂ ਦਿੱਲੀ : ਸਰਕਾਰ ਨੇ ਮੰਗਲਵਾਰ ਨੂੰ ਲੋਕਸਭਾ ਵਿਚ ਦਸਿਆ ਕਿ ਨਵੰਬਰ 2019 ਵਿਚ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਪਾਕਿਸਤਾਨ 'ਚ ਸ੍ਰੀ ਕਰਤਾਰਪੁਰ ਸਾਹਿਬ ਗੁਰਦਵਾਰੇ ਮੱਥਾ ਟੇਕਣ ਲਈ ਕੁੱਲ 44,951 ਸ਼ਰਧਾਲੂ ਯਾਤਰਾ ਕਰ ਚੁੱਕੇ ਹਨ।

ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਕਿਹਾ ਕਿ ਪੂਰੇ ਸਾਲ ਤੀਰਥ ਯਾਤਰੀਆਂ ਨੂੰ ਸਹੂਲਤਾਂ ਦੇਣ ਲਈ ਡੇਰਾ ਬਾਬਾ ਨਾਨਕ ਵਿਚ ਅਤਿਆਧੁਨਿਕ ਯਾਤਰੀ ਟਰਮੀਨਲ ਭਵਨ ਅਤੇ ਡੇਰਾ ਬਾਬਾ ਨਾਨਕ ਤੋਂ ਚਾਰ ਲੇਨ ਦਾ ਕੌਮੀ ਰਾਜਮਾਰਗ ਬਣਾਇਆ ਗਿਆ ਹੈ।

ਉਨ੍ਹਾਂ ਇਕ ਸਵਾਲ ਦੇ ਲਿਖਤ ਜਵਾਬ ਵਿਚ ਕਿਹਾ ਕਿ 9 ਨਵੰਬਰ, 2019  ਤੋਂ 31 ਜਨਵਰੀ, 2020 ਤਕ ਕਰਤਾਰਪੁਰ ਦੇ ਰਸਤੇ ਕੁੱਲ 44,951 ਸ਼ਰਧਾਲੂਆਂ ਨੇ ਯਾਤਰਾ ਕੀਤੀ ਅਤੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ।

ਰੈਡੀ ਨੇ ਦਸਿਆ ਕਿ ਸ਼ਰਧਾਲੂਆਂ ਦੇ ਪਾਸਪੋਰਟ 'ਤੇ ਇਮੀਗ਼੍ਰੇਸ਼ਨ ਅਧਿਕਾਰੀ ਠੱਪੇ ਨਹੀਂ ਲਗਾ ਰਹੇ ਹਨ ਅਤੇ ਭਾਰਤ ਸਰਕਾਰ ਨੇ ਵਾਰ-ਵਾਰ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਤੀਰਥ ਯਾਤਰੀਆਂ 'ਤੇ ਕੋਈ ਫ਼ੀਸ ਜਾਂ ਟੈਕਸ ਨਹੀਂ ਲਗਾਉਣਾ ਚਾਹੀਦਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਜਾਣ ਵਾਲੇ ਹਰ ਇਕ ਸ਼ਰਧਾਲੂ ਤੋਂ 20 ਡਾਲਰ ਦੀ ਰਕਮ ਵਸੂਲੀ ਜਾਂਦੀ ਹੈ।