ਗ਼ੈਰ ਸਿੱਖਾਂ ਨੂੰ ਕਰਤਾਰਪੁਰ ਗੁਰਦਵਾਰੇ ਵਿਚ ਨਹੀਂ ਜਾਣ ਦਿਤਾ ਜਾਵੇਗਾ : ਪਾਕਿ ਅਧਿਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਕਾਸ਼ ਦਿਹਾੜੇ 'ਤੇ ਗ਼ੈਰ ਸਿੱਖਾਂ ਲਈ ਤਿੰਨ ਦਿਨ ਬੰਦ ਰਹਿਣਗੇ ਕਰਤਾਰਪੁਰ ਦੇ ਦਰਵਾਜ਼ੇ

Kartarpur Sahib

ਲਾਹੌਰ: ਪਾਕਿਸਤਾਨ ਦੇ ਕਰਤਾਰਪੁਰ ਵਿਚ ਇਤਿਹਾਸਕ ਗੁਰਦਵਾਰਾ ਦਰਬਾਰ ਸਾਹਿਬ (ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਮ ਵਿਸ਼ਰਾਮ ਸਥਾਨ) ਗ਼ੈਰ-ਸਿੱਖ ਯਾਤਰੀਆਂ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਸ਼ੁਕਰਵਾਰ ਤੋਂ ਤਿੰਨ ਦਿਨਾਂ ਲਈ ਬੰਦ ਰਹੇਗਾ। ਇਹ ਜਾਣਕਾਰੀ ਇਕ ਪਾਕਿ ਅਧਿਕਾਰੀ ਨੇ ਦਿਤੀ।

ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਬੀ.ਪੀ.) ਦੇ ਬੁਲਾਰੇ ਅਮੀਰ ਹਾਸ਼ਮੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਾਕਿ ਦੇ ਪੰਜਾਬ ਸੂਬੇ ਵਿਚ ਕਰਤਾਰਪੁਰ ਲਾਂਘਾ ਦਰਬਾਰ ਸਾਹਿਬ ਨੂੰ ਭਾਰਤ ਵਿਚ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿਚ ਡੇਰਾ ਬਾਬਾ ਨਾਨਕ ਗੁਰਦਵਾਰੇ ਨਾਲ ਜੋੜਦਾ ਹੈ। ਪਾਕਿ ਸਰਕਾਰ ਨੇ ਕਰਤਾਰਪੁਰ ਸਾਹਿਬ ਨੂੰ 3 ਤੋਂ 5 ਜਨਵਰੀ ਤਕ ਤਿੰਨ ਦਿਨਾਂ ਲਈ ਗ਼ੈਰ-ਸਿੱਖ ਸ਼ਰਧਾਲੂਆਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ

ਤਾਂ ਜੋ ਵਿਸ਼ੇਸ਼ ਤੌਰ 'ਤੇ ਕਰਤਾਰਪੁਰ ਕੰਪਲੈਕਸ ਨਾਰੋਵਾਲ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਦੇ ਜਸ਼ਨ ਮਨਾਏ ਜਾ ਸਕਣ। ਈ.ਟੀ.ਪੀ.ਬੀ. ਪਾਕਿਸਤਾਨ ਵਿਚ ਘੱਟ-ਗਿਣਤੀਆਂ ਦੇ ਪਵਿੱਤਰ ਸਥਾਨਾਂ ਦੀ ਦੇਖਭਾਲ ਕਰਦੀ ਹੈ।

ਹਾਸ਼ਮੀ ਨੇ ਕਿਹਾ ਕਿ ਸਰਕਾਰ ਨੇ ਕਰਤਾਰਪੁਰ ਸਾਹਿਬ ਨੂੰ ਗੈਰ-ਸਿੱਖ ਸ਼ਰਧਾਲੂਆਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਪਾਕਿਸਤਾਨ ਅਤੇ ਭਾਰਤ ਦੇ ਸਿੱਖ ਇਤਿਹਾਸਕ ਕਰਤਾਰਪੁਰ ਕੰਪਲੈਕਸ ਵਿਖੇ ਇਕੱਠੇ ਹੋ ਕੇ ਆਪਣੇ ਗੁਰੂ ਦਾ ਜਨਮ ਦਿਹਾੜਾ ਮਨਾ ਸਕਣ।