ਹਰਿਆਣੇ ਦੀ 'ਮਹਾਂ ਪੰਚਾਇਤ' ‘ਚ ਰਾਕੇਸ਼ ਟਿਕੈਤ ਨੇ ਕੇਂਦਰ ਨੂੰ ਲਾਏ ਰਗੜੇ,  ਛੋਹੇ ਅਹਿਮ ਮੁੱਦੇ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਭੁੱਖ ਦੀ ਵਪਾਰ ਕਰਨ ਵਾਲਿਆਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਂਣਗੇ

Rakesh Tikait

ਬਹਾਦਰਗੜ੍ਹ : ਹਰਿਆਣਾ ਵਿਖੇ ਹੋਈ ਮਹਾਂ ਪੰਚਾਇਤ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਸਾਨੀ ਮੰਗਾਂ ਮੰਨੇ ਜਾਣ ਤਕ ਅੰਦੋਲਨ ਜਾਰੀ ਰਹਿਣ ਦਾ ਐਲਾਨ ਕੀਤਾ ਹੈ। ਉੁਨ੍ਹਾਂ ਕਿਹਾ ਕਿ ਕਿਸਾਨ ਸਰਕਾਰ ਦੀ ਕਿੱਲ ਕੱਢ ਕੇ ਹੀ ਵਾਪਸ ਜਾਣਗੇ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਉਹ ਲੋਕ ਹਾਂ ਜੋ ਪੰਚਾਇਤੀ ਪ੍ਰਣਾਲੀ ਦੀ ਪਾਲਣਾ ਕਰਦੇ ਹਾਂ। ਅਸੀਂ ਫ਼ੈਸਲਿਆਂ ਵਿਚਕਾਰ ਪੰਚਾਂ ਜਾਂ ਮੰਚਾਂ ਨੂੰ ਨਹੀਂ ਬਦਲਦੇ। ਸਾਡਾ ਦਫ਼ਤਰ ਸਿੰਘੂ ਸਰਹੱਦ 'ਤੇ ਰਹੇਗਾ ਅਤੇ ਸਾਡੇ ਲੋਕ ਵੀ ਉਥੇ ਹੀ ਰਹਿਣਗੇ। ਸਰਕਾਰ ਦੀ ਗੱਲਬਾਤ ਦੀ ਜੋ ਲਾਈਨ ਸੀ ਉਸੇ ਤਰਜ਼ 'ਤੇ ਗੱਲਬਾਤ ਦਾ ਆਯੋਜਨ ਕਰਨਾ ਚਾਹੀਦਾ ਹੈ। 

ਖਾਪ ਪੰਚਾਇਤਾਂ ਦਾ ਧੰਨਵਾਦ ਕਰਿਦਆਂ ਉਨ੍ਹਾਂ ਕਿਹਾ ਕਿ ਖਾਪ ਪੰਚਾਇਤਾਂ ਦਾ ਇਕੱਠ ਵੇਖਣ ਲਈ ਰਾਜਸਥਾਨ ਤੋਂ ਇਲਾਵਾ ਪੰਜਾਬ ਤੋਂ ਵੱਡੀ ਗਿਣਤੀ ਲੋਕ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦੀ ਖਾਪ ਪੰਚਾਇਤਾਂ ਨੇ ਅੰਦੋਲਨ ਦੀ ਵਾਂਗਡੋਰ ਆਪਣੇ ਹੱਥਾਂ ਵਿਚ ਲਈ ਹੈ, ਅੰਦੋਲਨ ਨੂੰ ਨਵੀਂ ਦਿਸ਼ਾ ਅਤੇ ਉਚਾਈ ਮਿਲੀ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਅੰਦੋਲਨ ਨੂੰ ਕੋਈ ਵੀ ਤਾਕਤ ਹਰਾ ਨਹੀਂ ਸਕਦੀ ਅਤੇ ਸੰਘਰਸ਼ ਦੀ ਜਿੱਤ ਪੱਕੀ ਹੈ। 

ਕਿਸਾਨੀ ਅੰਦੋਲਨ 'ਤੇ ਸੱਤਾਧਾਰੀ ਧਿਰ ਦੀ ਤੋਹਮਤਬਾਜ਼ੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਇਸ ਅੰਦੋਲਨ ਵਿਚ ਸਿਰਫ ਪੰਜਾਬ ਦੇ ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਕਹਿੰਦਿਆਂ ਉਨ੍ਹਾਂ ਨੂੰ ਖਾਲਿਸਤਾਨੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਫਿਰ ਕਹਿਣ ਲੱਗੇ ਕਿ ਇਸ ਵਿਚ ਹਰਿਆਣਾ ਦੇ ਲੋਕ ਵੀ ਸ਼ਾਮਲ ਹਨ। ਇਸ ਤੋਂ ਬਾਅਦ ਉਤਰ ਪ੍ਰਦੇਸ਼ ਦੇ ਕੁੱਝ ਇਲਾਕਿਆਂ ਦੇ ਕਿਸਾਨਾਂ ਦੇ ਇਸ ਵਿਚ ਸ਼ਾਮਲ ਹੋਣ ਦਾ ਢੰਡੋਰਾ ਪਿੱਟਿਆ ਗਿਆ। ਫਿਰ ਛੋਟੇ-ਵੱਡੇ ਕਿਸਾਨਾਂ ਨੂੰ ਵੰਡਣ ਦੀ ਕੋਸ਼ਿਸ਼ ਹੋਈ। ਇਸ ਤੋਂ ਬਾਅਦ 40 ਜਥੇਬੰਦੀਆਂ ਦੇ ਆਗੂਆਂ ਨੂੰ ਗੋਲੀ-ਗਲੋਚ ਕਰਨ ਲੱਗ ਪਏ। ਇਹ ਸਾਰਾ ਕੁੱਝ ਭਾਜਪਾ ਦੇ ਆਟੀ ਸੈੱਲ ਜ਼ਰੀਏ ਕੀਤਾ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਲੱਗਾਂ ਕਟੈਕਟਰ ਅਤੇ ਕਿਸਾਨ ਦਿੱਲੀ ਆਏ ਪਰ ਇਨ੍ਹਾਂ ਨੇ ਕੁੱਝ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਲਾਲ ਕਿੱਲੇ ਪਹੁੰਚਾ ਦਿਤਾ। ਉਨ੍ਹਾਂ ਕਿਹਾ ਕਿ ਲਾਲ ਕਿਲੇ ਤੇ ਜਾਣ ਦਾ ਤਾਂ ਕੋਈ ਮਤਲਬ ਨਹੀਂ ਬਣਦਾ। ਜੇਕਰ ਕਿਸਾਨਾਂ ਨੇ ਜਾਣਾ ਹੀ ਹੁੰਦਾ ਤਾਂ ਉਹ ਪਾਰਲੀਮੈਂਟ ਜਾਂਦੇ, ਜਿੱਥੇ ਇਹ ਕਾਨੂੰਨ ਬਣੇ ਸਨ। ਉਨ੍ਹਾਂ ਕਿਹਾ ਕਿ ਜਿਹੜਾ ਰੂਟ ਜਥੇਬੰਦੀਆਂ ਨੂੰ ਦਿਤਾ ਗਿਆ ਸੀ, ਉਸ 'ਤੇ ਪੱਕੀ ਬੈਰੀਗੇਟਿੰਗ ਕੀਤੀ ਗਈ ਸੀ ਜਦਕਿ ਲਾਲ ਕਿੱਲੇ ਵੱਲ ਜਾਣ ਵਾਲੇ ਰਸਤੇ ਖਾਲੀ ਛੱਡੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਕਿਸਾਨਾਂ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਸੀ। 

ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਬੜਾ ਸੋਚ-ਸਮਝ ਕੇ ਬਣਾਏ ਗਏ ਹਨ। ਇਹ ਰੋਟੀ 'ਤੇ ਤਾਲਾ ਲਾਉਣਾ ਚਾਹੁੰਦੇ ਹਨ। ਇਨ੍ਹਾਂ ਨੇ ਸੋਨੇ ਸਮੇਤ ਹੋਰ ਸਾਰੇ ਵਪਾਰ ਕਰ ਕੇ ਵੇਖ ਲਏ ਹਨ। ਸੋਨਾ ਸਾਲ ਵਿਚ ਕੁੱਝ ਵਾਰੀ ਹੀ ਵਰਤਿਆਂ ਜਾਂਦਾ ਹੈ, ਜਦਕਿ ਰੋਟੀ ਹਰ ਇਕ ਦੀ ਜ਼ਰੂਰਤ ਹੈ। ਇਹ ਭੁੱਖ ਦਾ ਵਪਾਰ ਕਰਨਾ ਚਾਹੁੰਦੇ ਹਨ। ਇਸ ਦਾ ਸਬੂਤ ਕਾਨੂਨਾਂ ਤੋਂ ਪਹਿਲਾ ਗੁਦਾਮ ਬਣਨ ਤੋਂ ਮਿਲਦਾ ਹੈ। ਇਨ੍ਹਾਂ ਦੇ ਤਾਂ ਗੋਦਾਮ ਵੀ ਬਾਰਡਰਾਂ 'ਤੇ ਕੀਤੀ ਬੈਰੀਗੇਟਿੰਗ ਵਰਗੇ ਹਨ, ਜਿੱਥੇ ਇਨਸਾਨ ਤਾਂ ਕੀ ਬਾਦਰ ਵੀ ਦਾਖਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਸਸਤਾ ਅਨਾਜ ਦੇਣ ਤੋਂ ਹੱਥ ਪਿੱਛੇ ਖਿੱਚਣਾ ਚਾਹੁੰਦੀ ਹੈ। ਇਹ ਪੈਸੇ ਲੋਕਾਂ ਦੇ ਖਾਤੇ ਵਿਚ ਪਾ ਕੇ ਉਨ੍ਹਾਂ ਨੂੰ ਕਾਰਪੋਰੇਟਾਂ ਸਾਹਮਣੇ ਹੱਥ ਫੈਲਾਉਣ ਲਈ ਮਜ਼ਬੂਰ ਕਰਨਾ ਚਾਹੁੰਦੇ ਹਨ, ਪਰ ਕਿਸਾਨ ਜਾਗਰੂਕ ਹੋ ਚੁੱਕਾ ਹੈ ਅਤੇ ਸਰਕਾਰ ਦੀ ਕਿਸੇ ਵੀ ਚਾਲ ਨੂੰ ਕਾਮਯਾਬ ਨਹੀਂ ਹੋਣ ਦੇਣਗੇ।