ਰਾਜ ਸਭਾ 'ਚ ਅਨੁਰਾਗ ਠਾਕੁਰ ਨੇ ਵਿਰੋਧੀ ਧਿਰਾਂ ਨੂੰ ਦਿੱਤੀ ਚੁਣੌਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਸੀਂ ਭਾਰਤ ਨੂੰ ਅੱਗੇ ਲਿਜਾਉਣ ਲਈ ਵਚਨਬੱਧ ਹਾਂ- ਅਨੁਰਾਗ ਠਾਕੁਰ

Anurag thakur

ਨਵੀਂ ਦਿੱਲੀ: ਰਾਜ ਸਭਾ ਵਿਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਅਤੇ ਹੋਰ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਚੁਣੌਤੀ ਦਿੱਤੀ। ਅਨੁਰਾਗ ਠਾਕੁਰ ਨੇ ਕਿਹਾ ਕਿ ਮੈਂ ਕਾਂਗਰਸ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਮੈਨੂੰ ਦੱਸੋ ਕਿ ਅਜਿਹਾ ਕਿੱਥੇ ਲਿਖਿਆ ਹੈ ਕਿ ਮੰਡੀ ਅਤੇ ਘੱਟੋ ਘੱਟ ਸਮਰਥਨ ਮੁੱਲ ਖ਼ਤਮ ਹੋ ਜਾਵੇਗਾ। ਉਹਨਾਂ ਕਿਹਾ ਨਵੇਂ ਖੇਤੀ ਕਾਨੂੰਨ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਲਿਆਂਦੇ ਗਏ ਹਨ ਅਤੇ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਕੇ ਹੀ ਹਟਾਂਗੇ। 

ਉਹਨਾਂ ਕਿਹਾ ਅਸੀਂ ਭਾਰਤ ਨੂੰ ਅੱਗੇ ਲਿਜਾਉਣ ਲਈ ਵਚਨਬੱਧ ਹਾਂ। ਇਸ ਤੋਂ ਪਹਿਲਾਂ ਬਜਟ ਬਾਰੇ ਬਿਆਨ ਦਿੰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਬਜਟ ਨਵੇਂ ਭਾਰਤ, ਇਕ ਮਜ਼ਬੂਰ ਭਾਰਤ ਦੇ ਨਿਰਮਾਣ ਅਤੇ ਇਕ ਆਤਮ ਨਿਰਭਰ ਭਾਰਤ ਦੇ ਨਿਰਮਾਣ ਦੀ ਉਮੀਦ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਹਰ ਖੇਤਰ ਵਿਚ ਦੇਸ਼ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਮੋਦੀ ਸਰਕਾਰ ਨੇ ਦੁਨੀਆਂ ਭਰ ਵਿਚ ਭਾਰਤ ਦਾ ਮਾਣ-ਸਨਮਾਨ ਵਧਾਇਆ ਹੈ। 

ਕਾਂਗਰਸ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਇਮਾਨਦਾਰ ਵਿਅਕਤੀ ਸੀ ਪਰ ਹੇਠਾਂ ਕੰਮ ਕਰ ਰਹੇ ਲੋਕਾਂ ਕਾਰਨ ਇਕ ਤੋਂ ਬਾਅਦ ਇਕ ਘੁਟਾਲਾ ਸਾਹਮਣੇ ਆਉਂਦਾ ਸੀ। ਉਹਨਾਂ ਕਿਹਾ ਮੋਦੀ ਸਰਕਾਰ ਇਮਾਨਦਾਰ ਸਰਕਾਰ ਹੈ। ਮੋਦੀ ਸਰਕਾਰ ਦੇ ਕਾਰਜਕਾਲ ਦੇ ਸੱਤ ਸਾਲ ਪੂਰੇ ਹੋਣ ਜਾ ਰਹੇ ਹਨ, ਇਹਨਾਂ ਸਾਲਾਂ ਦੌਰਾਨ ਕਿਸੇ ਮੰਤਰੀ ‘ਤੇ 7 ਪੈਸੇ ਦਾ ਅਰੋਪ ਵੀ ਨਹੀਂ ਲੱਗਿਆ।