ਰਾਸ਼ਟਰ ਵਿਰੋਧੀ ਟਵੀਟ ’ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਤੇ ਟਵਿਟਰ ਨੂੰ ਭੇਜਿਆ ਨੋਟਿਸ
ਸੁਪਰੀਮ ਕੋਰਟ ਨੇ ਭੜਕਾਊ ਭਾਸ਼ਣ, ਫ਼ਰਜ਼ੀ ਖ਼ਬਰਾਂ ਅਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ ’ਤੇ ਰੋਕ ਸਬੰਧੀ ਪਟੀਸ਼ਨ ’ਤੇ ਕੀਤੀ ਸੁਣਵਾਈ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਫਰਜ਼ੀ ਖ਼ਬਰਾਂ, ਭੜਕਾਊ ਭਾਸ਼ਣ ਅਤੇ ਰਾਸ਼ਟਰ ਵਿਰੋਧੀ ਪੋਸਟਾਂ ‘ਤੇ ਰੋਕ ਲਗਾਉਣ ਸਬੰਧੀ ਪਟੀਸ਼ਨ ‘ਤੇ ਸੁਣਵਾਈ ਕੀਤੀ। ਇਸ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਟਵਿਟਰ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ ਟਵਿਟਰ ‘ਤੇ ਨਿਗਰਾਨੀ ਲਈ ਸੁਪਰੀਮ ਕੋਰਟ ਵਿਚ ਮਈ 2020 ਵਿਚ ਇਕ ਪਟੀਸ਼ਨ ਦਰਜ ਕੀਤੀ ਗਈ ਸੀ।
ਪਟੀਸ਼ਨ ਵਿਚ ਕੇਂਦਰ ਸਰਕਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ, ਖ਼ਾਸਕਰ ਟਵਿਟਰ 'ਤੇ ਭਾਰਤ ਵਿਰੋਧੀ ਅਤੇ ਪੋਸਟਾਂ ਦੀ ਜਾਂਚ ਕਰਨ ਲਈ ਨਿਰਦੇਸ਼ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ਵਿਚ ਕਿਹਾ ਗਿਆ ਕਿ ਬੋਗਸ ਅਕਾਊਂਟ ਤੋਂ ਫਰਜ਼ੀ ਖ਼ਬਰਾਂ ਅਤੇ ਭੜਕਾਊ ਸੰਦੇਸ਼ ਜ਼ਰੀਏ ਸਮਾਜ ਵਿਚ ਨਫ਼ਰਤ ਫੈਲਾਈ ਜਾ ਰਹੀ ਹੈ।
ਇਹ ਪਟੀਸ਼ਨ ਭਾਜਪਾ ਨੇਤਾ ਵਿਨੀਤ ਗੋਇਨਕਾ ਵਲੋਂ ਦਾਇਰ ਕੀਤੀ ਗਈ ਹੈ। ਪਟੀਸ਼ਨਰ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਮਸ਼ਹੂਰ ਲੋਕਾਂ ਦੇ ਨਾਂਅ ‘ਤੇ ਅਨੇਕਾਂ ਫਰਜ਼ੀ ਅਕਾਊਂਟ ਬਣਾਏ ਗਏ ਹਨ। ਇਹਨਾਂ ਅਕਾਊਂਟਸ ਜ਼ਰੀਏ ਸਾਂਝੀਆਂ ਕੀਤੀਆਂ ਗਈਆਂ ਪੋਸਟਾਂ ਨਾਲ ਲੋਕ ਗਲਤ ਖ਼ਬਰਾਂ ‘ਤੇ ਯਕੀਨ ਕਰ ਲੈਂਦੇ ਹਨ।