26 ਨੂੰ ਸ਼ਹੀਦ ਹੋਏ ਨਿਹੰਗ ਸਿੰਘਾਂ ਦੇ ਘੋੜੇ ਤਾਂ 7 ਕਰੋੜ ਦੇ ਘੋੜੇ ਲੈ ਦਿੱਲੀ ਪਹੁੰਚ ਗਿਆ ਇਹ ਬਾਬਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਜਿੱਥੇ ਨਿਹੰਗ ਸਿੰਘਾਂ ਦੇ ਸਸਤਰ...

Baba Harnaik Singh

ਨਵੀਂ ਦਿੱਲੀ (ਅਰਪਨ ਕੌਰ): ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਜਿੱਥੇ ਨਿਹੰਗ ਸਿੰਘਾਂ ਦੇ ਸਸਤਰ ਅਤੇ ਉਨ੍ਹਾਂ ਦੇ ਬੋਲੇ ਵੱਖਰੀ ਪਹਿਚਾਣ ਦੇ ਨਾਲ ਖਿੱਚ ਦਾ ਕੇਂਦਰ ਬਣਦੇ ਹਨ। ਉਥੇ ਹੀ ਨਿਹੰਗ ਸਿੰਘ ਜਦੋਂ ਘੋੜਿਆਂ ਉਤੇ ਚੜ੍ਹੇ ਆਉਂਦੇ ਹਨ ਤਾਂ ਇੱਕ ਵੱਖਰਾ ਵਿਰਤਾਂਤ ਸਾਨੂੰ ਪੰਜਾਬ ਦੇ ਇਤਿਹਾਸ ਵਿਚ ਦੇਖਣ ਨੂੰ ਮਿਲਦਾ ਹੈ। ਕਿਸਾਨ ਅੰਦੋਲਨ ਵਿਚ ਨਿਹੰਗ ਸਿੰਘ ਫ਼ੌਜਾਂ ਵੱਲੋਂ ਵੀ ਲਗਾਤਾਰ ਕਿਸਾਨ ਮੋਰਚੇ ‘ਤੇ ਸ਼ਮੂਲੀਅਤ ਕੀਤੀ ਜਾ ਰਹੀ ਹੈ।

ਨਿਹੰਗ ਸਿੰਘ ਫ਼ੌਜਾਂ ਦਿੱਲੀ ਦੀਆਂ ਬਰੂਹਾਂ ਉਤੇ ਲਗਾਤਾਰ ਡਟੀਆਂ ਹੋਈਆਂ ਹਨ। ਸਿੰਘੂ ਬਾਰਡਰ ‘ਤੇ ਨਿਹੰਗ ਸਿੰਘ ਫ਼ੌਜਾਂ ਨੂੰ 2 ਘੋੜੇ ਭੇਟ ਕਰਨ ਲਈ ਇੱਕ ਬਾਬਾ ਜੀ ਇੱਥੇ ਪਹੁੰਚੇ ਹਨ। ਇਸ ਦੌਰਾਨ ਸਪੋਕਸਮੈਨ ਦੀ ਸੀਨੀਅਰ ਪੱਤਰਕਾਰ ਅਰਪਨ ਕੌਰ ਨਾਲ ਬਾਬਾ ਹਰਨੇਕ ਸਿੰਘ ਪਿੰਡ ਕੋਟ ਗੰਗੂ ਰਾਏ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਘੋੜੇ ਪਿੰਡ ਕੋਟ ਗੰਗੂ ਰਾਏ ਵੱਲੋਂ ਦਿੱਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ 26 ਜਨਵਰੀ ਦੌਰਾਨ ਹਿੰਸਕ ਘਟਨਾਵਾਂ ਦੀਆਂ ਕਾਫ਼ੀ ਵੀਡੀਓਜ਼ ਵਾਇਰਲ ਸਨ ਜਿਸ ਵਿਚ ਸਾਨੂੰ ਪਤਾ ਲੱਗਿਆ ਕਿ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਦੇ ਕਈਂ ਘੋੜੇ ਵੀ ਸ਼ਹੀਦ ਹੋ ਗਏ ਸਨ ਤਾਂ ਸਾਡੇ ਪਿੰਡ ਵਾਸੀਆਂ ਨੇ ਘੋੜੇ ਖਰੀਦ ਕੇ ਇਹ ਉਪਰਾਲਾ ਕੀਤਾ ਕਿ ਨਿਹੰਗ ਸਿੰਘਾਂ ਨੂੰ ਦਿੱਲੀ ਜਾ ਕੇ ਘੋੜੇ ਦਾਨ ਕੀਤੇ ਜਾਣ। ਇਸ ਦੌਰਾਨ ਉਨ੍ਹਾਂ ਨੇ ਘੋੜਿਆਂ ਦੀ ਨਸਲ  ਬਾਰੇ ਵੀ ਜਾਣੂ ਕਰਵਾਇਆ ਕਿ ਮਾਰਵਾੜੀ ਨਸਲ ਦੇ ਘੋੜੇ ਹਨ ਅਤੇ ਇਨ੍ਹਾਂ ਘੋੜਿਆਂ ਦੇ ਬਾਪ ਦਾ ਖਰੀਦ ਮੁੱਲ ਹੁਣ ਤੱਕ 7 ਕਰੋੜ ਲੱਗ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਸਰਕਾਰ ਬੈਰੀਕੇਡ ਤੇ ਹੋਰ ਰੋਕਾਂ ਲਗਾ ਕੇ ਸਾਡੇ ਗੱਡੀਆਂ, ਟਰੈਕਟਰ ਰੋਕ ਸਕਦੀ ਹੈ ਪਰ ਇਨ੍ਹਾਂ ਘੋੜਿਆਂ ਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਇਨ੍ਹਾਂ ਨੂੰ ਜਿਹੜੇ ਰਸਤੇ ਵੀ ਪਾ ਦਈਏ ਉਥੇ ਫਤਿਹ ਕਰਵਾ ਕੇ ਹੀ ਮੁੜਦੇ ਹਨ। ਨਿਹੰਗ ਸਿੰਘਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਖੇਤੀ ਵਿਰੁੱਧ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਅਸੀਂ ਰੱਦ ਕਰਾਉਣ ਲਈਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।

ਉਨ੍ਹਾਂ ਕਿਹਾ ਕਿ 26 ਜਨਵਰੀ ਵਾਲੇ ਦਿਨ ਸਿੰਘਾਂ ਦੇ ਦੋ ਘੋੜੇ ਤੇ ਇੱਕ ਕਿਸਾਨ ਸਹੀਦ ਹੋ ਗਏ ਸਨ, ਜਿਸ ਕਰਕੇ ਸਿੰਘਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਜਾਬਰ ਸਰਕਾਰ ਵੱਲੋਂ ਅੱਥਰੂ ਗੈਸ ਜਾਂ ਕਈਂ ਅੱਤਿਆਚਾਰ ਕੀਤੇ ਗਏ ਸਨ, ਜਿਸ ਦੌਰਾਨ ਇਨ੍ਹਾਂ ਬੇਜੁਬਾਨ ਜਾਨਵਰਾਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੇ ਦਿਲਾਂ ਵਿਚ ਕਿਸਾਨਾਂ ਪ੍ਰਤੀ ਬਹੁਤ ਸ਼ਰਧਾ ਹੈ ਅਤੇ ਉਨ੍ਹਾਂ ਵੱਲੋਂ ਵੀ ਕਿਸਾਨਾਂ ਦੇ ਸਮਰਥਨ ਵਿਚ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਜਾਬਰ ਸਰਕਾਰਾਂ ਕਾਲੇ ਕਾਨੂੰਨ ਲਿਆ ਰਹੀਆਂ ਹਨ, ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਹੈ, ਲੋਕਾਂ ਦੇ ਹੱਕਾਂ ਉਤੇ ਡਾਕਾ ਵੱਜ ਰਿਹਾ ਹੈ। ਸਿੰਘਾਂ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ ਅਸੀਂ ਇੱਥੋਂ ਨਹੀਂ ਜਾਵਾਂਗੇ।