ਸਿੰਘੂ ਬਾਰਡਰ ਤੋਂ ਨਿਹੰਗ ਸਿੰਘਾਂ ਨੇ ਕਰਤਾ ਵੱਡਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੰਘੂ ਬਾਰਡਰ ‘ਤੇ ਹੋਈ ਕਾਰਵਾਈ ਦੇ ਮਗਰੋਂ ਕਿਸਾਨਾਂ ਦੇ ਹੌਸਲੇ ਹੋਰ ਜ਼ਿਆਦਾ...

Nihang Singh

ਨਵੀਂ ਦਿੱਲੀ (ਗੁਰਪ੍ਰੀਤ ਸਿੰਘ): ਸਿੰਘੂ ਬਾਰਡਰ ‘ਤੇ ਹੋਈ ਕਾਰਵਾਈ ਦੇ ਮਗਰੋਂ ਕਿਸਾਨਾਂ ਦੇ ਹੌਸਲੇ ਹੋਰ ਜ਼ਿਆਦਾ ਬੁਲੰਦ ਹੋ ਗਏ ਹਨ। ਉਥੇ ਹੀ ਗੁਰੂ ਘਰਾਂ ਦੀਆਂ ਲਾਡਲੀਆਂ ਫ਼ੌਜਾਂ ਕਹੀਆਂ ਜਾਣ ਵਾਲੀਆਂ ਨਿਹੰਗ ਸਿੰਘ ਫ਼ੌਜਾਂ ਕਿਸਾਨਾਂ ਦੀ ਹਿਫ਼ਾਜਤ ਲਈ ਡਟ ਗਈਆਂ ਹਨ।

ਅਰਬਾਂ ਖਰਬਾਂ ਤਰੁਨਾ ਦਲ ਦੇ ਨਿਹੰਗ ਸਿੰਘਾਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆ ਆਖਿਆ ਹੈ ਕਿ ਭਾਜਪਾ ਸਰਕਾਰ ਅਤੇ RSS ਵਾਲੇ ਚਾਹੇ 10 ਲੱਖ ਵਿਅਕਤੀ ਲੈ ਕੇ ਆ ਜਾਣ, ਅਸੀਂ ਉਨ੍ਹਾਂ ਦਾ ਡਟ ਕੇ ਮੁਕਾਬਲਾ ਕਰਾਂਗੇ ਇਸਦੇ ਨਾਲ ਹੀ ਉਨ੍ਹਾਂ ਨੇ RSS ਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਚਿਤਾਵਨੀ ਵੀ ਦਿੱਤੀ ਹੈ।

ਜਥਾ ਚਮਕੌਰ ਸਾਹਿਬ ਦੇ ਬਾਬਾ ਜੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਿੰਘੂ ਬਾਰਡਰ ਨੂੰ ਖਾਲੀ ਕਰਾਉਣ ਲਈ ਆਰ.ਐਸ.ਐਸ ਦੇ ਬੰਦੇ ਭੇਜੇ ਗਏ ਸਨ, ਉਨ੍ਹਾਂ ਨੇ ਸ਼ਾਂਤਮਈ ਬੈਠੇ ਕਿਸਾਨਾਂ ਉਤੇ ਰੋੜੇ, ਲਾਠੀਆਂ, ਟੈਂਟ ਵੀ ਪਾੜੇ, ਇੱਥੋਂ ਤੱਕ ਕਿ ਉਨ੍ਹਾਂ ਨੇ ਕਿਸਾਨਾਂ ਦੇ ਟੈਂਟ ਅਤੇ ਬਿਸਤਰਿਆਂ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਪੁਛਿਆ ਕਿ ਆਰਐਸਐਸ ਦੇ ਬੰਦੇ ਇਥੇ ਕਿਉਂ ਆਏ, ਕਿਸ ਨੇ ਭੇਜੇ, ਕੀ ਸਰਕਾਰ ਦੰਗੇ ਕਰਾਉਣਾ ਚਾਹੁੰਦੀ ਹੈ, ਕੀ ਸਾਨੂੰ ਸ਼ਾਂਤਮਈ ਬੈਠੇ ਕਿਸਾਨਾਂ ਨੂੰ ਮਰਾਉਣਾ ਚਾਹੁੰਦੀ ਹੈ।

ਸਿੰਘਾਂ ਨੇ ਕਿਹਾ ਕਿ ਜੇਕਰ ਇੱਥੇ ਕੋਈ ਦੰਗਾ ਫਸਾਦ ਜਾਂ ਕੋਈ ਹੋਰ ਘਟਨਾ ਹੁੰਦੀ ਹੈ, ਇਸਦੇ ਲਈ ਮੋਦੀ ਸਰਕਾਰ ਜਿੰਮੇਵਾਰ ਹੋਵੇਗੀ। ਨਿਹੰਗ ਫੌਜਾਂ ਨੇ ਕਿਸਾਨਾਂ ਦੀ ਹਿਫ਼ਾਜਤ ਲਈ ਮੋਰਚੇ ਤੋਂ ਐਲਾਨ ਕੀਤਾ ਕਿ ਜੇਕਰ ਭਾਜਪਾ, ਸ਼ਿਵਸੈਨਾ, ਆਰਐਸਐਸ ਇੱਥੇ ਕੋਈ ਵੀ ਕਿਸਾਨਾਂ ਵੱਲ ਅੱਖ ਚੁੱਕ ਦੇਖਿਆ ਤਾਂ ਨਿਹੰਗ ਸਿੰਘ ਫ਼ੌਜ ਉਨ੍ਹਾਂ ਨੂੰ 31 ਦੇ 51 ਕਰਕੇ ਮੋੜੇਗੀ।

ਉਨ੍ਹਾਂ ਕਿਹਾ ਅਸੀਂ ਲਗਾਤਾਰ 2 ਮਹੀਨੇ ਤੋਂ ਸ਼ਾਂਤਮਈ ਅੰਦੋਲਨ ਚਲਾ ਰਹੇ ਹਾਂ, ਸ਼ਾਂਤੀ ਦੇ ਪ੍ਰਤੀਕ ਹਾਂ ਤੇ ਸ਼ਾਂਤੀ ਦੇ ਵਿਚ ਹੀ ਬੈਠੇ ਹਾਂ ਤੇ ਬੈਠਾਂਗੇ ਅਤੇ ਸ਼ਾਂਤੀ ਨਾਲ ਹੀ ਜਿੱਤੇ ਕੇ ਜਾਵਾਂਗੇ ਪਰ ਜੇ ਕੋਈ ਸਾਡੇ ਉਤੇ ਹਾਵੀ ਹੁੰਦਾ ਤਾਂ ਅਸੀਂ ਉਸਨੂੰ ਨਹੀਂ ਬਖਸ਼ਾਂਗੇ। ਇਸਦੇ ਨਾਲ ਹੀ ਉਨ੍ਹਾਂ ਨੇ ਪੂਰੇ ਪੰਜਾਬ ਦੀਆਂ ਨਿਹੰਗ ਸਿੰਘ ਫ਼ੌਜਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਸਮਾਂ ਘਰ ਬੈਠਣ ਦਾ ਨਹੀਂ ਹੈ, ਵੱਧ ਤੋਂ ਵੱਧ ਨਿਹੰਗ ਸਿੰਘ ਫੌਜਾਂ ਇੱਥੇ ਮੋਰਚੇ 'ਤੇ ਪਹੁੰਚਣ।