ਫੇਰਬਦਲ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 13 ਸੂਬਿਆਂ ਦੇ ਰਾਜਪਾਲ ਬਦਲੇ, ਜਾਣੋ ਕਿਸ ਨੂੰ ਕਿੱਥੇ ਭੇਜਿਆ  

ਏਜੰਸੀ

ਖ਼ਬਰਾਂ, ਰਾਸ਼ਟਰੀ

ਕੈਪਟਨ ਅਮਰਿੰਦਰ ਨੂੰ ਛੱਡ ਰਮੇਸ਼ ਬੈਸ ਨੂੰ ਮਹਾਰਾਸ਼ਟਰ ਦਾ ਨਵਾਂ ਰਾਜਪਾਲ ਕੀਤਾ ਗਿਆ ਨਿਯੁਕਤ

Droupadi Murmu

ਨਵੀਂ ਦਿੱਲੀ - ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਐਤਵਾਰ ਨੂੰ 13 ਸੂਬਿਆਂ ਦੇ ਰਾਜਪਾਲਾਂ ਅਤੇ ਉਪ ਰਾਜਪਾਲਾਂ ਵਿਚ ਫੇਰਬਦਲ ਕੀਤਾ ਹੈ। ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦਾ ਅਸਤੀਫ਼ਾ ਸਵੀਕਾਰ ਕਰਦੇ ਹੋਏ ਉਨ੍ਹਾਂ ਨੇ ਰਮੇਸ਼ ਬੈਸ ਨੂੰ ਮਹਾਰਾਸ਼ਟਰ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਲੱਦਾਖ ਦੇ LG ਰਾਧਾ ਕ੍ਰਿਸ਼ਨਨ ਮਾਥੁਰ ਦਾ ਅਸਤੀਫ਼ਾ ਵੀ ਸਵੀਕਾਰ ਕਰ ਲਿਆ ਗਿਆ ਹੈ। ਉਨ੍ਹਾਂ ਦੀ ਥਾਂ ਅਰੁਣਾਚਲ ਦੇ ਬ੍ਰਿਗੇਡੀਅਰ ਬੀਡੀ ਮਿਸ਼ਰਾ ਨੂੰ ਲੱਦਾਖ ਦਾ ਐਲਜੀ ਬਣਾਇਆ ਗਿਆ ਹੈ। 

ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਲੈਫਟੀਨੈਂਟ ਜਨਰਲ ਕੈਵਲਯ ਤ੍ਰਿਵਿਕਰਮ ਪਾਰਨਾਇਕ ਨੂੰ ਅਰੁਣਾਚਲ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਹੈ। ਲਕਸ਼ਮਣ ਪ੍ਰਸਾਦ ਅਚਾਰੀਆ ਨੂੰ ਸਿੱਕਮ ਦਾ, ਸੀਪੀ ਰਾਧਾਕ੍ਰਿਸ਼ਨਨ ਨੂੰ ਝਾਰਖੰਡ ਦਾ, ਗੁਲਾਬ ਚੰਦ ਕਟਾਰੀਆ ਨੂੰ ਅਸਾਮ ਦਾ, ਸ਼ਿਵ ਪ੍ਰਤਾਪ ਸ਼ੁਕਲਾ ਨੂੰ ਹਿਮਾਚਲ ਪ੍ਰਦੇਸ਼ ਦਾ, ਜਸਟਿਸ (ਸੇਵਾਮੁਕਤ) ਐਸ ਅਬਦੁਲ ਨਜ਼ੀਰ ਨੂੰ ਆਂਧਰਾ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। 

ਆਂਧਰਾ ਪ੍ਰਦੇਸ਼ ਦੇ ਰਾਜਪਾਲ ਬਿਸਵਾ ਭੂਸ਼ਣ ਹਰੀਚੰਦਨ ਨੂੰ ਰਾਸ਼ਟਰਪਤੀ ਨੇ ਛੱਤੀਸਗੜ੍ਹ ਦਾ ਰਾਜਪਾਲ ਨਿਯੁਕਤ ਕੀਤਾ ਹੈ। ਛੱਤੀਸਗੜ੍ਹ ਦੀ ਰਾਜਪਾਲ ਅਨੁਸੂਈਆ ਉਈਕੇ ਨੂੰ ਮਣੀਪੁਰ ਦੀ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਣੀਪੁਰ ਦੇ ਰਾਜਪਾਲ ਐਲ.ਗਣੇਸ਼ਨ ਨੂੰ ਨਾਗਾਲੈਂਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ। ਬਿਹਾਰ ਦੇ ਰਾਜਪਾਲ ਫੱਗੂ ਚੌਹਾਨ ਨੂੰ ਮੇਘਾਲਿਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੂੰ ਬਿਹਾਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।