ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਦੇ ਚੋਣ ਖ਼ਰਚੇ ਦਾ ਹਿਸਾਬ ਰੱਖਣ ਲਈ 171 ਵਸਤਾਂ ਦੇ ਭਾਅ ਤੈਅ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਣ ਖ਼ਰਚੇ ’ਤੇ ਨਿਗ੍ਹਾ ਰੱਖਣ ਲਈ ਚੋਣ ਕਮਿਸ਼ਨ ਨੇ ਐਤਕੀਂ ਸਿਰੋਪੇ ਦਾ ਭਾਅ ਵੀ ਤੈਅ ਕੀਤਾ ਹੈ। ਚੋਣ ਕਮਿਸ਼ਨ ਨੇ ਉਮੀਦਵਾਰਾਂ ਦੇ ਚੋਣ ਖ਼ਰਚੇ ਦਾ ਹਿਸਾਬ ਰੱਖਣ

Lok Sabha Election 219

ਨਵੀਂ ਦਿੱਲੀ : ਚੋਣ ਖ਼ਰਚੇ ’ਤੇ ਨਿਗ੍ਹਾ ਰੱਖਣ ਲਈ ਚੋਣ ਕਮਿਸ਼ਨ ਨੇ ਐਤਕੀਂ ਸਿਰੋਪੇ ਦਾ ਭਾਅ ਵੀ ਤੈਅ ਕੀਤਾ ਹੈ। ਚੋਣ ਕਮਿਸ਼ਨ ਨੇ ਉਮੀਦਵਾਰਾਂ ਦੇ ਚੋਣ ਖ਼ਰਚੇ ਦਾ ਹਿਸਾਬ ਰੱਖਣ ਲਈ 171 ਵਸਤਾਂ ਦੇ ਭਾਅ ਤੈਅ ਕੀਤੇ ਹਨ। ਇਹ ਭਾਅ ਬਾਜ਼ਾਰ ਦੇ ਭਾਅ ਮੁਤਾਬਕ ਬੰਨ੍ਹੇ ਗਏ ਹਨ। ਚੋਣ ਖ਼ਰਚੇ ’ਤੇ ਨਿਗ੍ਹਾ ਰੱਖਣ ਲਈ ਅਬਜ਼ਰਵਰ ਦੇਖਣਗੇ ਕਿ ਤੈਅ ਸੂਚੀ ਮੁਤਾਬਿਕ ਹੀ ਖਰਚੇ ਸ਼ਾਮਲ ਹੋਣ।

ਸਿਰੋਪੇ ਦੀ ਕੀਮਤ ਤੈਅ- ਸੂਚੀ ਅਨੁਸਾਰ ਸਿਰੋਪੇ ਦੀ ਕੀਮਤ 90 ਰੁਪਏ ਰੱਖੀ ਗਈ ਹੈ। ਇਸ ਤਹਿਤ ਜਦ ਵੀ ਹੁਣ ਕਿਤੇ ਨਾਮਜ਼ਦਗੀ ਮਗਰੋਂ ਉਮੀਦਵਾਰ ਦੀ ਹਾਜ਼ਰੀ ਵਿਚ ਮੋਹਤਬਰਾਂ ਦੇ ਸਿਰੋਪੇ ਪਾਏ ਜਾਣਗੇ ਤਾਂ ਪ੍ਰਤੀ ਸਿਰੋਪਾ 90 ਰੁਪਏ ਉਮੀਦਵਾਰ ਦੇ ਚੋਣ ਖ਼ਰਚੇ ਵਿਚ ਸ਼ਾਮਲ ਕੀਤੇ ਜਾਣਗੇ। ‘ਆਪ’ ਦਾ ਚੋਣ ਨਿਸ਼ਾਨ ਝਾੜੂ ਹੈ ਤੇ ਪ੍ਰਤੀ ਝਾੜੂ ਕੀਮਤ 15 ਰੁਪਏ ਤੈਅ ਕੀਤੀ ਗਈ ਹੈ ਅਤੇ ਕਾਗਜ਼ ਵਾਲੀ ਟੋਪੀ ਦੀ ਕੀਮਤ 2 ਰੁਪਏ ਅਤੇ ਪ੍ਰਿੰਟ ਵਾਲੀ ਟੋਪੀ ਦੀ ਕੀਮਤ 15 ਰੁਪਏ ਨਿਸ਼ਚਿਤ ਕੀਤੀ ਗਈ ਹੈ। ਫੁੱਲਾਂ ਦੇ ਹਾਰ ਦੀ ਕੀਮਤ 10 ਰੁਪਏ ਅਤੇ 15 ਰੁਪਏ ਵੱਡੇ ਛੋਟੇ ਦੇ ਹਿਸਾਬ ਨਾਲ ਰੱਖੀ ਗਈ ਹੈ।

ਖਾਣ-ਪੀਣ ਦੇ ਉਤਪਾਦਾਂ ਦੀ ਕੀਮਤ ਬੇਸਣ ਦੀ ਬਰਫ਼ੀ 200 ਰੁਪਏ ਪ੍ਰਤੀ ਕਿੱਲੋ, ਖੋਏ ਦੀ ਬਰਫ਼ੀ ਦਾ ਭਾਅ 250 ਰੁਪਏ ਬੰਨ੍ਹਿਆ ਗਿਆ ਹੈ। ਜਲੇਬੀ ਦਾ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਭਾਅ 140 ਰੁਪਏ ਅਤੇ ਪਕੌੜਿਆਂ ਦਾ ਪ੍ਰਤੀ ਕਿੱਲੋ 150 ਰੁਪਏ ਦੇ ਹਿਸਾਬ ਨਾਲ ਚੋਣ ਖ਼ਰਚਾ ਉਮੀਦਵਾਰਾਂ ਨੂੰ ਪਏਗਾ। ਸਾਧਾਰਨ ਰੋਟੀ ਵਾਲੀ ਥਾਲੀ ਦੀ ਕੀਮਤ 70 ਰੁਪਏ ਰੱਖੀ ਗਈ ਹੈ ਜਦਕਿ ਚਾਹ ਦੇ ਕੱਪ ਦੀ ਅੱਠ ਰੁਪਏ ਤੇ ਕੌਫ਼ੀ ਦੇ ਕੱਪ ਦੀ ਕੀਮਤ 12 ਰੁਪਏ ਬੰਨ੍ਹੀ ਗਈ ਹੈ।

ਟਰਾਂਸਪੋਰਟ ਖ਼ਰਚੇ- ਇਸੇ ਤਰ੍ਹਾਂ ਟਰਾਂਸਪੋਰਟ ਦੇ ਮਾਮਲੇ ਵਿਚ ਵੱਡੀ ਬੱਸ ਦਾ 4,500 ਰੁਪਏ ਅਤੇ ਮਿਨੀ ਬੱਸ ਦਾ 3000 ਰੁਪਏ ਕਿਰਾਇਆ ਤੈਅ ਕੀਤਾ ਗਿਆ ਹੈ। ਰੇਹੜੇ ਦਾ ਇੱਕ ਚੱਕਰ 60 ਰੁਪਏ ਵਿਚ ਪਵੇਗਾ। ਹੋਟਲਾਂ ਅਤੇ ਮਹਿਮਾਨ ਘਰਾਂ ਵਿਚ ਠਹਿਰਨ ਦਾ ਖ਼ਰਚਾ ਵੀ ਚੋਣ ਖ਼ਰਚੇ ਵਿਚ ਸ਼ਾਮਲ ਕੀਤਾ ਜਾਣਾ ਹੈ। ਸਿਸਟਮ ਦਾ ਖਰਚਾ 5000 ਰੁਪਏ ਜਦਕਿ ਲਾਊਡ ਸਪੀਕਰ ਸਮੇਤ ਐਂਪਲੀਫਾਇਰ 800 ਰੁਪਏ ਪ੍ਰਤੀ ਦਿਨ ਪਵੇਗਾ। ਪੰਡਾਲ ਅਤੇ ਸਟੇਜ ਦੀਆਂ ਕੁਰਸੀਆਂ, ਸੋਫਿਆਂ ਅਤੇ ਦਰੀਆਂ ਦਾ ਭਾਅ ਵੀ ਰੱਖਿਆ ਗਿਆ ਹੈ।

ਮਨੋਰੰਜਨ ਵਾਲੇ ਖ਼ਰਚੇ- ਇਸੇ ਤਰ੍ਹਾਂ ਮਨੋਰੰਜਨ ਵਾਲੇ ਖ਼ਾਕੇ ਵਿਚ ਆਰਕੈਸਟਰਾ ਸਮੇਤ ਡੀਜੇ ਦੀ ਕੀਮਤ 12 ਹਜ਼ਾਰ ਅਤੇ ਇਕੱਲੇ ਡੀਜੇ ਦੀ ਕੀਮਤ 4 ਹਜ਼ਾਰ ਰੱਖੀ ਗਈ ਹੈ। ਸਥਾਨਕ ਕਲਾਕਾਰ ਦਾ ਪ੍ਰਤੀ ਪ੍ਰੋਗਰਾਮ 30 ਹਜ਼ਾਰ ਅਤੇ ਨਾਮੀ ਗਾਇਕ ਦੀ ਕੀਮਤ ਪ੍ਰਤੀ ਪ੍ਰੋਗਰਾਮ 2 ਲੱਖ ਰੁਪਏ ਤੈਅ ਕੀਤੀ ਹੈ।