ਮੋਦੀ ਤੇ ਉਨ੍ਹਾਂ ਦੀ ਵਿਚਾਰਧਾਰਾ ਨੇ ਅਰਥਚਾਰੇ ਨੂੰ ਤਬਾਹ ਕੀਤਾ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, 'ਕੋਰੋਨਾ' ਵਾਇਰਸ ਫੈਲ ਰਿਹੈ, ਪ੍ਰਧਾਨ ਮੰਤਰੀ ਸੁੱਤੇ ਪਏ ਹਨ

file photo

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੇਅਰ ਬਾਜ਼ਾਰਾਂ ਵਿਚ ਭਾਰੀ ਕਮੀ ਦੇ ਸਬੰਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਵਿਰੁਧ ਦੇਸ਼ ਦੇ ਅਰਥਚਾਰੇ ਨੂੰ ਤਬਾਹ ਕਰਨ ਦਾ ਦੋਸ਼ ਲਾਇਆ।

ਰਾਹੁਲ ਨੇ ਇਹ ਵੀ ਕਿਹਾ ਕਿ ਅਰਥਚਾਰੇ ਦੀ ਹਾਲਤ ਬਾਰੇ ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ। ਗਾਂਧੀ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਇਕ ਦੇਸ਼ ਵਜੋਂ ਸੰਕਟ ਵਲ ਵਧ ਰਿਹਾ ਹੈ ਪਰ ਪ੍ਰਧਾਨ ਮੰਤਰੀ ਅਰਚਥਾਰੇ ਦੀ ਹਾਲਤ ਤੋਂ ਬੇਖ਼ਬਰ ਹਨ।

ਉਨ੍ਹਾਂ ਸੰਸਦ ਭਵਨ ਦੇ ਵਿਹੜੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਅਸੀਂ ਵੇਖ ਰਹੇ ਹਾਂ ਕਿ ਸ਼ੇਅਰ ਬਾਜ਼ਾਰਾਂ ਵਿਚ ਕੀ ਹੋ ਰਿਹਾ ਹੈ। ਲੱਖਾਂ ਲੋਕਾਂ ਦਾ ਨੁਕਸਾਨ ਹੋਇਆ ਹੈ। ਅਰਥਚਾਰੇ ਦੀ ਹਾਲਤ ਸਾਰੇ ਵੇਖ ਰਹੇ ਹਨ। ਮੋਦੀ ਜੀ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੇ ਅਰਥਚਾਰੇ ਨੂੰ ਬਰਬਾਦ ਕਰ ਦਿਤਾ ਹੈ।

ਉਨ੍ਹਾਂ ਦੇ ਮੂੰਹੋਂ ਅਰਥਵਿਵਸਥਾ ਬਾਰੇ ਇਕ ਸ਼ਬਦ ਵੀ ਨਹੀਂ ਨਿਕਲ ਰਿਹਾ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਤਾਂ ਅਰਥਚਾਰੇ ਦੀ ਸਮਝ ਹੀ ਨਹੀਂ।' ਉਨ੍ਹਾਂ ਕਿਹਾ, 'ਪ੍ਰਧਾਨ ਮੰਤਰੀ ਨੂੰ ਦਸਣਾ ਚਾਹੀਦਾ ਹੈ ਕਿ ਦੇਸ਼ ਦੇ ਅਰਥਚਾਰੇ ਦੀ ਇਹੋ ਜਿਹੀ ਹਾਲਤ ਕਿਉਂ ਬਣੀ? ਉਨ੍ਹਾਂ ਕੋਲ ਇਸ ਹਾਲਤ ਨੂੰ ਠੀਕ ਕਰਨ ਦੀ ਕੀ ਯੋਜਨਾ ਹੇ।'

ਕੋਰੋਨਾ ਵਾਇਰਸ ਦਾ ਜ਼ਿਕਰ ਕਰਦਿਆਂ ਗਾਂਧੀ ਨੇ ਕਿਹਾ, 'ਕੋਰੋਨਾ ਵਾਇਰਸ ਦਾ ਅਰਥਚਾਰੇ 'ਤੇ ਗੰਭੀਰ ਅਸਰ ਹੋ ਰਿਹਾ ਹੈ। ਪ੍ਰਧਾਨ ਮੰਤਰੀ ਸੁੱਤੇ ਪਏ ਹਨ। ਅਰਥਚਾਰੇ ਬਾਰੇ ਪਹਿਲਾਂ ਹੀ ਕਾਫ਼ੀ ਦੇਰ ਹੋ ਚੁੱਕੀ ਹੈ, ਨੁਕਸਾਨ ਘਟਾਉਣ ਲਈ ਸਰਕਾਰ ਨੂੰ ਕੁੱਝ ਕਰਨਾ ਚਾਹੀਦਾ ਹੈ।'