ਕੋਰੋਨਾ ਵਾਇਰਸ ‘ਤੇ ਰਾਹੁਲ ਗਾਂਧੀ ਦੇ ਟਵੀਟ ਨੂੰ ਲੈ ਕੇ ਵਿਵਾਦ, ਹੋਏ ਟਰੋਲ
ਸਾਬਕਾ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਆਪਣੀ ਗਲਤੀ ਕਾਰਨ ਇਕ ਵਾਰ ਫਿਰ ਟਰੋਲ ਹੋਣਾ ਪਿਆ।
ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਆਪਣੀ ਗਲਤੀ ਕਾਰਨ ਇਕ ਵਾਰ ਫਿਰ ਟਰੋਲ ਹੋਣਾ ਪਿਆ। ਉਹ ਕੋਰੋਨਾ ਵਾਇਰਸ ਨੂੰ ਲੈ ਕੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ, ਪਰ ਇਸ ਕਾਰਨਾਮੇ ਵਿਚ ਉਹਨਾਂ ਕੋਲੋ ਬਹੁਤ ਵੱਡੀ ਗੜਬੜ ਹੋਈ। ਦਰਅਸਲ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਬਾਰੇ ਇਕ ਟਵੀਟ ਕੀਤਾ ਸੀ।
ਇਸ ਟਵੀਟ ਵਿਚ ਉਹਨਾਂ ਨੇ ਕਿਹਾ, 'ਕੋਰੋਨਾ ਵਾਇਰਸ ਸਾਡੇ ਲੋਕਾਂ ਅਤੇ ਸਾਡੀ ਆਰਥਿਕਤਾ ਲਈ ਬਹੁਤ ਗੰਭੀਰ ਖ਼ਤਰਾ ਹੈ। ਮੇਰੇ ਅਨੁਸਾਰ ਸਰਕਾਰ ਇਸ ਖਤਰੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ। ਸਮੇਂ ਸਿਰ ਕਦਮ ਚੁੱਕਣ ਦੀ ਲੋੜ ਹੈ’। ਇਸ ਟਵੀਟ ਨਾਲ ਉਹਨਾਂ ਨੇ ਦੁਨੀਆ ਦਾ ਨਕਸ਼ਾ ਸ਼ੇਅਰ ਕੀਤਾ, ਜੋ ਕਸ਼ਮੀਰ ਨੂੰ ਭਾਰਤ ਨਾਲੋਂ ਵੱਖਰਾ ਦਿਖਾਉਂਦਾ ਹੈ।
ਇਹ ਨਕਸ਼ਾ ਜੰਮੂ-ਕਸ਼ਮੀਰ ਦੇ ਇਕ ਹਿੱਸੇ ਨੂੰ ਪਾਕਿਸਤਾਨ ਦੇ ਹਿੱਸੇ ਵਜੋਂ ਦਰਸਾਉਂਦਾ ਹੈ। ਇਸ ਲਈ ਰਾਹੁਲ ਗਾਂਧੀ ਟਰੋਲ ਹੋ ਗਏ। ਰਾਹੁਲ ਗਾਂਧੀ ਦੇ ਇਸ ਗਲਤ ਟਵੀਟ ਨੇ ਸਿਆਸਤ ਵਿਚ ਹਲਚਲ ਮਚਾ ਦਿੱਤੀ ਹੈ। ਹਾਲਾਂਕਿ ਬਾਅਦ ਵਿਚ ਰਾਹੁਲ ਗਾਂਧੀ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਪਰ ਫਿਰ ਵੀ ਉਹ ਬਹੁਤ ਬੁਰੀ ਤਰ੍ਹਾਂ ਟਰੋਲ ਹੋਏ।
ਰਾਹੁਲ ਗਾਂਧੀ ਦੇ ਟਵੀਟ ਤੋਂ ਬਾਅਦ ਭਾਜਪਾ ਆਈਟੀ ਸੈਲ ਦੇ ਮੁਖੀ ਅਮਿਤ ਮਾਲਵੀਆ ਨੇ ਇਸ ਟਵੀਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਤੁਸੀਂ ਵਾਰ-ਵਾਰ ਉਸ ਨਕਸ਼ੇ ਦੀ ਵਰਤੋਂ ਕਿਉਂ ਕਰਦੇ ਹੋ, ਜਿਸ ਵਿਚ ਜੰਮੂ-ਕਸ਼ਮੀਰ ਨੂੰ ਭਾਰਤ ਤੋਂ ਅਲੱਗ ਦਿਖਾਇਆ ਗਿਆ ਹੈ।
ਮਾਮਲਾ ਬਦਲਦੇ ਦੇਖ ਰਾਹੁਲ ਗਾਂਧੀ ਨੇ ਇਸ ਟਵੀਟ ਨੂੰ ਡਿਲੀਟ ਕਰਨ ਤੋਂ ਬਾਅਦ ਇਕ ਹੋਰ ਟਵੀਟ ਕੀਤਾ। ਜ਼ਿਕਰਯੋਗ ਹੈ ਕਿ ਚੀਨ ਦੇ ਜਾਨਲੇਵਾ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀਰਵਾਰ ਨੂੰ 13,00 ਹੋ ਗਈ ਅਤੇ ਇਸ ਦੇ ਹੁਣ ਤੱਕ 44,200 ਮਾਮਲੇ ਸਾਹਮਣੇ ਆ ਚੁੱਕ ਹਨ। ਇਹ ਵਾਇਰਸ ਬਹੁਤ ਤੇਜ਼ੀ ਨਾਲ ਪੂਰੀ ਦੁਨੀਆਂ ਨੂੰ ਅਪਣੀ ਚਪੇਟ ਵਿਚ ਲੈ ਰਿਹਾ ਹੈ।