ਹੁਣ TV ਬਹਿਸ ਵਿਚ ਸ਼ਾਮਲ ਨਹੀਂ ਹੋਣਗੇ BSP ਦੇ ਬੁਲਾਰੇ- ਮਾਇਆਵਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਬਾ ਚੋਣਾਂ ਦੇ ਨਤੀਜੇ ਜਾਰੀ ਹੋਣ ਦੇ ਦੂਜੇ ਦਿਨ ਉਹਨਾਂ ਨੇ ਟਵੀਟ ਕਰਕੇ ਮੀਡੀਆ 'ਤੇ ਕਈ ਦੋਸ਼ ਲਾਏ।

Mayawati

 

ਲਖਨਊ: ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਮਾਇਆਵਤੀ ਨੇ ਮੀਡੀਆ 'ਤੇ ਜਾਤੀਵਾਦੀ ਰਵੱਈਆ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਹੁਣ ਤੋਂ ਉਹਨਾਂ ਦੀ ਪਾਰਟੀ ਦਾ ਕੋਈ ਵੀ ਬੁਲਾਰਾ ਟੀਵੀ ਚੈਨਲਾਂ 'ਤੇ ਹੋਣ ਵਾਲੀ ਬਹਿਸ 'ਚ ਹਿੱਸਾ ਨਹੀਂ ਲਵੇਗਾ। ਸੂਬਾ ਚੋਣਾਂ ਦੇ ਨਤੀਜੇ ਜਾਰੀ ਹੋਣ ਦੇ ਦੂਜੇ ਦਿਨ ਉਹਨਾਂ ਨੇ ਟਵੀਟ ਕਰਕੇ ਮੀਡੀਆ 'ਤੇ ਕਈ ਦੋਸ਼ ਲਾਏ।

Mayawati

ਉਹਨਾਂ ਲਿਖਿਆ ਕਿ ਯੂਪੀ ਵਿਧਾਨ ਸਭਾ ਚੋਣਾਂ ਦੌਰਾਨ ਮੀਡੀਆ ਨੇ ਆਪਣੇ ਆਕਾਵਾਂ ਦੇ ਇਸ਼ਾਰੇ 'ਤੇ ਜਾਤੀਵਾਦੀ ਅਤੇ ਨਫਰਤ ਭਰਿਆ ਰਵੱਈਆ ਅਪਣਾ ਕੇ ਅੰਬੇਡਕਰਵਾਦੀ ਬਸਪਾ ਲਹਿਰ ਨੂੰ ਨੁਕਸਾਨ ਪਹੁੰਚਾਉਣ ਦਾ ਜੋ ਕੰਮ ਕੀਤਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਸਥਿਤੀ ਵਿਚ ਪਾਰਟੀ ਬੁਲਾਰਿਆਂ ਨੂੰ ਵੀ ਨਵੀਂ ਜ਼ਿੰਮੇਵਾਰੀ ਸੌਂਪੀ ਜਾਵੇਗੀ। ਇਸ ਲਈ ਪਾਰਟੀ ਦੇ ਸਾਰੇ ਬੁਲਾਰੇ ਸੁਧਿੰਦਰ ਭਦੌਰੀਆ, ਧਰਮਵੀਰ ਚੌਧਰੀ, ਡਾ. ਐਮ.ਐਚ. ਖਾਨ, ਫੈਜ਼ਾਨ ਖਾਨ ਅਤੇ ਸੀਮਾ ਕੁਸ਼ਵਾਹਾ ਹੁਣ ਟੀਵੀ ਬਹਿਸਾਂ ਆਦਿ ਵਿਚ ਹਿੱਸਾ ਨਹੀਂ ਲੈਣਗੇ।

Tweet

ਜ਼ਿਕਰਯੋਗ ਹੈ ਕਿ ਮਾਇਆਵਤੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਬਸਪਾ ਨੂੰ "ਭਾਜਪਾ ਦੀ ਬੀ ਟੀਮ" ਵਜੋਂ ਪੇਸ਼ ਕਰਨ ਵਾਲੀ ਹਮਲਾਵਰ ਮੀਡੀਆ ਮੁਹਿੰਮ ਨੇ ਮੁਸਲਮਾਨਾਂ ਅਤੇ ਭਾਜਪਾ ਵਿਰੋਧੀ ਵੋਟਰਾਂ ਨੂੰ ਇਸ ਤੋਂ ਦੂਰ ਕਰ ਦਿੱਤਾ ਹੈ।