CAA News: CAA ਵਿਰੁਧ ਦੇਸ਼ ’ਚ ਕਈ ਥਾਵਾਂ ’ਚ ਵਿਰੋਧ ਪ੍ਰਦਰਸ਼ਨ; ਦਿੱਲੀ ਯੂਨੀਵਰਸਿਟੀ ਕੈਂਪਸ ’ਚ 55 ਵਿਦਿਆਰਥੀ ਹਿਰਾਸਤ ’ਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਸਾਮ ’ਚ ਮੋਦੀ ਅਤੇ ਸ਼ਾਹ ਦੇ ਪੁਤਲੇ ਫੂਕੇ ਗਏ; ਕੇਰਲ ’ਚ ਪ੍ਰਮੁੱਖ ਚੋਣ ਮੁੱਦਾ ਬਣਿਆ ਸੀ.ਏ.ਏ.

Anti-CAA protests in many states

CAA News: ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲਾਗੂ ਕਰਨ ਦੇ ਵਿਰੋਧ ’ਚ ਮੰਗਲਵਾਰ ਨੂੰ ਦੇਸ਼ ਅੰਦਰ ਕਈ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਹੋਏ। ਵਿਰੋਧ ਪ੍ਰਦਰਸ਼ਨ ਕਰ ਰਹੇ ਦਿੱਲੀ ਯੂਨੀਵਰਸਿਟੀ ਆਰਟਸ ਫੈਕਲਟੀ ’ਚ ਇਕੱਠੇ ਹੋਏ ਕਰੀਬ 55 ਵਿਦਿਆਰਥੀਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਖੱਬੇ ਪੱਖੀ ਸੰਗਠਨ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ) ਦੇ ਕਈ ਵਿਦਿਆਰਥੀਆਂ ਨੇ ਸੋਮਵਾਰ ਨੂੰ ਕੇਂਦਰ ਵਲੋਂ ਲਾਗੂ ਕੀਤੇ ਗਏ ਸੀ.ਏ.ਏ. ਵਿਰੁਧ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿਤਾ ਸੀ।

ਆਈਸਾ ਦੀ ਦਿੱਲੀ ਯੂਨੀਵਰਸਿਟੀ ਇਕਾਈ ਦੇ ਪ੍ਰਧਾਨ ਮਾਨਿਕ ਗੁਪਤਾ ਨੇ ਕਿਹਾ ਕਿ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੁਲਿਸ ਨੇ ਵਿਦਿਆਰਥੀਆਂ ਨੂੰ ਹਿਰਾਸਤ ’ਚ ਲੈ ਲਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਈ ਵਿਦਿਆਰਥੀ ਜੋ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਨਹੀਂ ਲੈ ਰਹੇ ਸਨ ਅਤੇ ਸਿਰਫ ਆਰਟਸ ਫੈਕਲਟੀ ਦੇ ਬਾਹਰ ਖੜ੍ਹੇ ਸਨ, ਉਨ੍ਹਾਂ ਨੂੰ ਵੀ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਹਿਰਾਸਤ ਵਿਚ ਲੈ ਲਿਆ। ਉਸ ਨੇ ਦਾਅਵਾ ਕੀਤਾ ਕਿ ਵਿਦਿਆਰਥੀਆਂ ਨਾਲ ਬੇਰਹਿਮੀ ਨਾਲ ਵਿਵਹਾਰ ਕੀਤਾ ਗਿਆ ਸੀ।

ਪੁਲਿਸ ਡਿਪਟੀ ਕਮਿਸ਼ਨਰ (ਉੱਤਰੀ) ਐਮ ਕੇ ਮੀਨਾ ਨੇ ਕਿਹਾ, ‘‘ਅਸੀਂ ਸਾਵਧਾਨੀ ਦੇ ਤੌਰ ’ਤੇ ਦਿੱਲੀ ਯੂਨੀਵਰਸਿਟੀ ਦੀ ਕੇਂਦਰੀ ਲਾਇਬ੍ਰੇਰੀ (ਆਰਟਸ ਫੈਕਲਟੀ ਦੇ ਸਾਹਮਣੇ) ਤੋਂ ਲਗਭਗ 50-55 ਵਿਦਿਆਰਥੀਆਂ ਨੂੰ ਹਟਾ ਦਿਤਾ ਹੈ ਜੋ ਸੀ.ਏ.ਏ. ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਨੂੰ ਉੱਥੋਂ ਹਟਾ ਦਿਤਾ ਗਿਆ ਅਤੇ ਉਨ੍ਹਾਂ ਨੂੰ ਛੇਤੀ ਹੀ ਰਿਹਾਅ ਕਰ ਦਿਤਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਵਿਦਿਆਰਥੀਆਂ ਨੂੰ ਕੁੱਟਣ ਦੇ ਸਾਰੇ ਦੋਸ਼ ਬੇਬੁਨਿਆਦ ਹਨ ਕਿਉਂਕਿ ਅਸੀਂ ਉਨ੍ਹਾਂ ਸਾਰਿਆਂ ਦੀ ਵੀਡੀਉ ਰੀਕਾਰਡਿੰਗ ਕੀਤੀ ਹੈ।

ਸੀ.ਏ.ਏ. ਲਾਗੂ ਹੋਣ ਤੋਂ ਬਾਅਦ ਜਾਮੀਆ ਮਿਲੀਆ ਇਸਲਾਮੀਆ ਸਮੇਤ ਕੈਂਪਸਾਂ ’ਚ ਵੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਵਿਦਿਆਰਥੀ ਸੰਗਠਨਾਂ ਨੇ ਜਾਮੀਆ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਕਟ ਨੂੰ ਰੱਦ ਕਰਨ ਅਤੇ ਉਨ੍ਹਾਂ ਸਾਰੇ ਵਿਦਿਆਰਥੀਆਂ ਦੀ ਰਿਹਾਈ ਦੀ ਮੰਗ ਕੀਤੀ ਜਿਨ੍ਹਾਂ ’ਤੇ ਲਗਭਗ ਚਾਰ ਸਾਲ ਪਹਿਲਾਂ ਸੀ.ਏ.ਏ. ਦਾ ਵਿਰੋਧ ਕਰਨ ਲਈ ਕੇਸ ਦਰਜ ਕੀਤਾ ਗਿਆ ਸੀ।

ਕੇਂਦਰ ਸਰਕਾਰ ਵਲੋਂ ਨਾਗਰਿਕਤਾ ਸੋਧ ਕਾਨੂੰਨ 2019 ਲਾਗੂ ਕੀਤੇ ਜਾਣ ਤੋਂ ਬਾਅਦ ਦਿੱਲੀ ਦੇ ਜਾਮੀਆ ਮਿਲੀਆ ਇਸਲਾਮੀਆ ਦੇ ਆਲੇ-ਦੁਆਲੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਦਿੱਲੀ ਦੇ ਕਈ ਹਿੱਸਿਆਂ ’ਚ ਸੁਰੱਖਿਆ ਸਖਤ ਕਰ ਦਿਤੀ ਗਈ ਹੈ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਗਸ਼ਤ ਅਤੇ ਫਲੈਗ ਮਾਰਚ ਕਰ ਰਹੇ ਹਨ। ਦੂਜੇ ਪਾਸੇ ਆਸਾਮ ਦੇ ਗੁਹਾਟੀ ’ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲਾਗੂ ਕਰਨ ਦੇ ਵਿਰੋਧ ’ਚ ਮੰਗਲਵਾਰ ਨੂੰ ਪੂਰੇ ਅਸਾਮ ’ਚ ਪ੍ਰਦਰਸ਼ਨ ਕੀਤੇ ਗਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਸਾੜੇ ਗਏ।

ਅਸਾਮ ਜਾਤੀਆਬਾਦੀ ਯੁਵਾ ਵਿਦਿਆਰਥੀ ਪ੍ਰੀਸ਼ਦ (ਏ.ਜੇ.ਵਾਈ.ਸੀ.ਪੀ.) ਨੇ ਲਖੀਮਪੁਰ ’ਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਪੁਤਲਾ ਸਾੜਿਆ, ਜਦਕਿ ਕਾਂਗਰਸ ਨੇ ਸੀ.ਏ.ਏ. ਨੂੰ ਲਾਗੂ ਕਰਨ ਦੇ ਵਿਰੋਧ ’ਚ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ’ਚ ਸੀ.ਏ.ਏ. ਦੀਆਂ ਕਾਪੀਆਂ ਸਾੜੀਆਂ। ਰਾਜ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੇਬਬ੍ਰਤ ਸੈਕੀਆ ਨੇ ਗੁਹਾਟੀ ’ਚ ਰਾਜ ਭਵਨ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਸੀ.ਏ.ਏ. ਦੀਆਂ ਕਾਪੀਆਂ ਸਾੜੀਆਂ। ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.-ਐਮ) ਨੇ ਵੀ ਇੱਥੇ ਅਤੇ ਕਾਮਰੂਪ ਦੇ ਰੰਗੀਆ ਕਸਬੇ ’ਚ ਵਿਰੋਧ ਪ੍ਰਦਰਸ਼ਨ ਕੀਤੇ, ਜਦਕਿ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਸ਼ਹਿਰ ’ਚ ਅਪਣੇ ਸੰਸਥਾਨਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ।

ਸ਼ਿਵਸਾਗਰ ਜ਼ਿਲ੍ਹੇ ’ਚ ਰਾਏਜੋਰ ਦਲ, ਕ੍ਰਿਸ਼ਕ ਮੁਕਤੀ ਸੰਗਰਾਮ ਸਮਿਤੀ ਅਤੇ ਵਿਦਿਆਰਥੀ ਮੁਕਤੀ ਪ੍ਰੀਸ਼ਦ ਦੇ ਕਾਰਕੁਨਾਂ ਅਤੇ ਵਿਧਾਇਕ ਅਖਿਲ ਗੋਗੋਈ ਨੇ ਕਾਨੂੰਨ ਵਿਰੁਧ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਵਿਰੁਧ ਨਾਅਰੇਬਾਜ਼ੀ ਕੀਤੀ। ਕਾਂਗਰਸ ਅਤੇ ਏ.ਜੇ.ਵਾਈ.ਸੀ.ਪੀ. ਵਲੋਂ ਸੀ.ਏ.ਏ. ਦੀਆਂ ਕਾਪੀਆਂ ਸਾੜਨ ਦੀਆਂ ਖ਼ਬਰਾਂ ਕ੍ਰਮਵਾਰ ਬਾਰਪੇਟਾ ਅਤੇ ਨਲਬਾੜੀ ਤੋਂ ਵੀ ਮਿਲੀਆਂ ਹਨ। ਅਸਾਮ ’ਚ ਯੂਨਾਈਟਿਡ ਓਪਸਿਟੀ ਫੋਰਮ ਅਸਾਮ (ਯੂ.ਓ.ਪੀ.ਐੱਫ.) ਵਲੋਂ 16 ਪਾਰਟੀਆਂ ਦੀ 12 ਘੰਟਿਆਂ ਦੀ ਹੜਤਾਲ ਦਾ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ। ਸ਼ਿਵਸਾਗਰ, ਗੋਲਾਘਾਟ, ਨਾਗਾਓਂ ਅਤੇ ਕਾਮਰੂਪ ਜਿਹੇ ਕੁੱਝ ਜ਼ਿਲ੍ਹਿਆਂ ’ਚ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦਸਿਆ ਕਿ ਅਸਾਮ ਪੁਲਿਸ ਨੇ ਵਿਰੋਧੀ ਪਾਰਟੀਆਂ ਨੂੰ ਨੋਟਿਸ ਜਾਰੀ ਕਰ ਕੇ ਅਪਣੀ ਹੜਤਾਲ ਖਤਮ ਕਰਨ ਲਈ ਕਿਹਾ ਹੈ ਅਤੇ ਚੇਤਾਵਨੀ ਦਿਤੀ ਹੈ ਕਿ ਜੇਕਰ ਉਹ ਹੁਕਮ ਦੀ ਪਾਲਣਾ ਕਰਨ ’ਚ ਅਸਫਲ ਰਹਿੰਦੇ ਹਨ ਤਾਂ ਕਾਰਵਾਈ ਕੀਤੀ ਜਾਵੇਗੀ।

ਅਸਾਮ ਪੁਲਿਸ ਵਲੋਂ ਜਾਰੀ ਨੋਟਿਸ ਦੀ ਆਲੋਚਨਾ ਕਰਦਿਆਂ ਸੈਕੀਆ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਰਾਜ ਪੁਲਿਸ ਵਿਭਾਗ ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਅਸੀਂ ਸੀ.ਏ.ਏ. ਨੂੰ ਲਾਗੂ ਕਰਨ ਵਿਰੁਧ ਸ਼ਾਂਤੀਪੂਰਨ ਅਤੇ ਲੋਕਤੰਤਰੀ ਢੰਗ ਨਾਲ ਵਿਰੋਧ ਪ੍ਰਦਰਸ਼ਨ ਜਾਰੀ ਰੱਖਾਂਗੇ।’’
ਸੋਨਿਤਪੁਰ ’ਚ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅਪਰਾਧਕ ਪ੍ਰਕਿਰਿਆ ਜ਼ਾਬਤਾ ਦੀ ਧਾਰਾ 144 ਲਾਗੂ ਕਰ ਦਿਤੀ ਹੈ। ਆਲ ਅਸਾਮ ਸਟੂਡੈਂਟਸ ਯੂਨੀਅਨ (ਏ.ਏ.ਐੱਸ.ਯੂ.) ਅਤੇ 30 ਗੈਰ-ਸਿਆਸੀ ਸੰਗਠਨ ਸ਼ਾਮ ਨੂੰ ਮਸ਼ਾਲ ਜਲੂਸ ਕੱਢਣਗੇ ਅਤੇ ਬੁਧਵਾਰ ਤੋਂ ਸੱਤਿਆਗ੍ਰਹਿ ਸ਼ੁਰੂ ਕਰਨਗੇ।
ਉਧਰ ਕੇਰਲ ’ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨਾਲ ਜੁੜੇ ਨਿਯਮਾਂ ਦਾ ਕੇਂਦਰ ਸਰਕਾਰ ਦਾ ਨੋਟੀਫਿਕੇਸ਼ਨ ਇਕ ਵੱਡਾ ਮੁੱਦਾ ਬਣ ਗਿਆ ਹੈ। ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀ.ਪੀ.ਆਈ.-ਐਮ) ਦੀ ਅਗਵਾਈ ਵਾਲੇ ਖੱਬੇ ਪੱਖੀ ਡੈਮੋਕ੍ਰੇਟਿਕ ਫਰੰਟ (ਐਲ.ਡੀ.ਐਫ.) ਅਤੇ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂ.ਡੀ.ਐਫ.) ਨੇ ਕਈ ਥਾਵਾਂ ’ਤੇ ਇਸ ਕਦਮ ਦਾ ਵਿਰੋਧ ਕੀਤਾ ਹੈ, ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਸ ਕਾਨੂੰਨ ਦਾ ਜ਼ੋਰਦਾਰ ਬਚਾਅ ਕਰਦਿਆਂ ਕਿਹਾ ਹੈ ਕਿ ਇਹ ਮੁਸਲਮਾਨਾਂ ਨੂੰ ਨਿਸ਼ਾਨਾ ਨਹੀਂ ਬਣਾਉਂਦਾ।

ਸੂਬੇ ਅੰਦਰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਬਾਰੇ ਕੇਂਦਰ ਦੇ ਨੋਟੀਫਿਕੇਸ਼ਨ ਦੇ ਵਿਰੁਧ ਕੇਰਲ ਦੇ ਵੱਖ-ਵੱਖ ਹਿੱਸਿਆਂ ’ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ, ਕਿਉਂਕਿ ਐਲ.ਡੀ.ਐਫ. ਅਤੇ ਯੂ.ਡੀ.ਐਫ. ਦੋਹਾਂ ਨੇ ਇਸ ਫੈਸਲੇ ਦੀ ਨਿੰਦਾ ਕਰਨ ਲਈ ਕੇਂਦਰ ਸਰਕਾਰ ਦੇ ਅਦਾਰਿਆਂ ਤਕ ਕਈ ਮਾਰਚ ਕੱਢੇ ਹਨ।
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਵਲੋਂ ਸੀ.ਏ.ਏ. ਨੂੰ ਵੰਡਪਾਊ ਕਰਾਰ ਦੇਣ ਅਤੇ ਇਸ ਨੂੰ ਸੂਬੇ ’ਚ ਲਾਗੂ ਨਾ ਕਰਨ ਦਾ ਭਰੋਸਾ ਦੇਣ ਦੇ ਇਕ ਦਿਨ ਬਾਅਦ ਭਾਜਪਾ ਦੇ ਸੀਨੀਅਰ ਨੇਤਾ ਪ੍ਰਕਾਸ਼ ਜਾਵਡੇਕਰ ਨੇ ਉਨ੍ਹਾਂ ਦੀ ਆਲੋਚਨਾ ਕੀਤੀ ਅਤੇ ਦੋਸ਼ ਲਾਇਆ ਕਿ ਵਿਜਯਨ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਕੇਰਲ ’ਚ ਭਾਜਪਾ ਦੇ ਇੰਚਾਰਜ ਜਾਵਡੇਕਰ ਨੇ ਕਿਹਾ ਕਿ ਪਾਕਿਸਤਾਨ, ਬੰਗਲਾਦੇਸ਼ ਜਾਂ ਅਫਗਾਨਿਸਤਾਨ ’ਚ ਮੁਸਲਮਾਨਾਂ ਨੂੰ ਉਨ੍ਹਾਂ ਦੇ ਧਰਮ ਦੇ ਆਧਾਰ ’ਤੇ ਪ੍ਰੇਸ਼ਾਨ ਨਹੀਂ ਕੀਤਾ ਜਾਂਦਾ।

(For more Punjabi news apart from Anti-CAA protests in many states, stay tuned to Rozana Spokesman)