ਕੋਰੋਨਾ ਲੌਕਡਾਊਨ: ਦੇਸ਼ ਨੂੰ Red, Orange Green ਜ਼ੋਨ ਵਿਚ ਵੰਡ ਸਕਦੀ ਹੈ ਮੋਦੀ ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਖ਼ਬਰ ਹੈ ਕਿ ਮੋਦੀ ਸਰਕਾਰ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਲੌਕਡਾਊਨ ਵਧਾਉਣ ਦੇ ਪ੍ਰਸਤਾਵ ‘ਤੇ ਦੇਸ਼ ਨੂੰ ਤਿੰਨ ਜ਼ੋਨਾਂ ਵਿਚ ਵੰਡ ਸਕਦੀ ਹੈ।

Photo

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਖ਼ਬਰ ਹੈ ਕਿ ਮੋਦੀ ਸਰਕਾਰ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਲੌਕਡਾਊਨ ਵਧਾਉਣ ਦੇ ਪ੍ਰਸਤਾਵ ‘ਤੇ ਦੇਸ਼ ਨੂੰ ਤਿੰਨ ਜ਼ੋਨਾਂ ਵਿਚ ਵੰਡ ਸਕਦੀ ਹੈ। ਸਰਕਾਰੀ ਸੂਤਰਾਂ ਅਨੁਸਾਰ ਕੇਂਦਰ ਸਰਕਾਰ ਕੋਵਿਡ -19 ਮਾਮਲਿਆਂ ਦੀ ਗਿਣਤੀ ਦੇ ਅਧਾਰ 'ਤੇ ਦੇਸ਼ ਨੂੰ ਰੈੱਡ, ਓਰੇਂਜ ਅਤੇ ਗਰੀਨ ਖੇਤਰਾਂ ਵਿਚ ਵੰਡਣ 'ਤੇ ਵਿਚਾਰ ਕਰ ਰਹੀ ਹੈ।

ਸਰਕਾਰ ਅਜਿਹੇ ਜ਼ੋਨਾਂ ਵਿਚ ਕੁਝ ਛੋਟ ਦੇ ਸਕਦੀ ਹੈ। ਦੱਸ ਦਈਏ ਕਿ ਲੌਕਡਾਊਨ ਦੀ ਮਿਆਦ 14 ਅਪ੍ਰੈਲ ਨੂੰ ਖਤਮ ਹੋ ਰਹੀ ਹੈ ਅਤੇ ਕਈ ਸੂਬਿਆਂ ਨੇ ਇਸ ਨੂੰ ਵਧਾਉਣ ਦੀ ਮੰਗ ਕੀਤੀ ਹੈ। ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਨਿਊਜ਼ ਏਜੰਸੀ ਨੇ ਕਿਹਾ ਕਿ ਜਿੱਥੇ ਸਭ ਤੋਂ ਜ਼ਿਆਦਾ ਕੋਰੋਨਾ ਕੇਸ ਆਏ ਹਨ, ਉਸ ਨੂੰ ਰੈੱਡ ਜ਼ੋਨ ਵਿਚ ਰੱਖਿਆ ਜਾਵੇਗਾ। ਇਸ ਜ਼ੋਨ ਵਿਚ ਪੂਰੀ ਤਰ੍ਹਾਂ ਲੌਕਡਾਊਨ ਹੋਵੇਗਾ।

ਓਰੇਂਜ ਜ਼ੋਨ ਵਿਚ ਉਹ ਇਲਾਕੇ ਸ਼ਾਮਲ ਹੋਣਗੇ, ਜਿੱਥੇ ਕੋਰੋਨਾ ਵਾਇਰਸ ਦੇ ਕਾਫੀ ਘੱਟ ਮਾਮਲੇ ਸਾਹਮਣੇ ਆਏ ਹਨ ਅਤੇ ਮਾਮਲਿਆਂ ਦੀ ਗਿਣਤੀ ਵਿਚ ਕੋਈ ਵਾਧਾ ਨਹੀਂ ਹੋਇਆ। ਇਹਨਾਂ ਇਲਾਕਿਆਂ ਵਿਚ ਫਸਲਾਂ ਕੱਟਣ, ਜਨਤਕ ਆਵਾਜਾਈ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਗ੍ਰੀਨ ਜ਼ੋਨ ਵਿਚ ਉਹਨਾਂ ਇਲਾਕਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ, ਜਿੱਥੇ ਕੋਰੋਨਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਇਹਨਾਂ ਇਲਾਕਿਆਂ ਵਿਚ ਕੁੱਝ ਛੋਟੇ ਉਦਯੋਗਾਂ ਨੂੰ ਵੀ ਖੋਲਣ  ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਪਰ ਕਰਮਚਾਰੀਆਂ ਨੂੰ ਕੰਪਨੀ ਵਿਚ ਹੀ ਰਹਿਣ ਲਈ ਕਿਹਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਹਨਾਂ ਨੂੰ ਸਮਾਜਿਕ ਦੂਰੀ ਦਾ ਪਾਲਣ ਕਰਨਾ ਹੋਵੇਗਾ। ਦੱਸ ਦਈਏ ਕਿ ਸਰਕਾਰ ਪਹਿਲਾਂ ਹੀ ਇਸ ਸਬੰਧੀ ਇਸ਼ਾਰਾ ਕਰ ਚੁੱਕੀ ਹੈ ਕਿ ਦੇਸ਼  ਨੂੰ ਪੂਰੀ ਤਰ੍ਹਾਂ ਲੌਕਡਾਊਨ ਨਹੀਂ ਕੀਤਾ ਜਾਵੇਗਾ।