ਚੋਣਾਂ ਦੇ ਛੇਵੇਂ ਪੜਾਅ ਦੌਰਾਨ ਰਾਹੁਲ ਗਾਂਧੀ ਅਤੇ ਰਾਮ ਨਾਥ ਕੋਵਿੰਗ ਸਮੇਤ ਕਈ ਦਿੱਗਜਾਂ ਨੇ ਪਾਈ ਵੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸ਼ੀਲਾ ਦਿਕਸ਼ਿਤ, ਰਾਸ਼ਟਰਪਤੀ ਰਾਮ ਨਾਥ ਕੋਵਿੰਗ, ਕ੍ਰਿਕੇਟਰ ਵਿਰਾਟ ਕੋਹਲੀ, ਗੌਤਮ ਗੰਭੀਰ ਸਮੇਤ ਕਈ ਦਿੱਗਜਾਂ ਨੇ ਵੋਟ ਪਾਈ ਹੈ।

Gautam, Virat, rahul, And Ram nath kovind cast their votes

ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੇ ਛੇਵੇਂ ਪੜਾਅ ਲਈ 7 ਸੂਬਿਆਂ ਦੀਆਂ 59 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਇਹਨਾਂ ਵਿਚ ਦਿੱਲੀ ਦੀਆਂ 7 ਅਤੇ ਹਰਿਆਣਾ ਦੀਆਂ 10 ਸੀਟਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਉਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿਚ ਵੋਟਿੰਗ ਜਾ ਰਹੀ ਹੈ। ਇਸੇ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸ਼ੀਲਾ ਦਿਕਸ਼ਿਤ, ਰਾਸ਼ਟਰਪਤੀ ਰਾਮ ਨਾਥ ਕੋਵਿੰਗ, ਕ੍ਰਿਕੇਟਰ ਵਿਰਾਟ ਕੋਹਲੀ, ਗੌਤਮ ਗੰਭੀਰ ਸਮੇਤ ਕਈ ਦਿੱਗਜਾਂ ਨੇ ਵੋਟ ਪਾਈ ਹੈ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਦੇ ਨਿਰਮਾਣ ਭਵਨ ਸਥਿਤ ਪੋਲਿੰਗ ਬੂਥ ‘ਤੇ ਵੋਟ ਪਾਈ। ਰਾਹੁਲ ਗਾਂਧੀ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਲੋਕ ਸਭਾ ਚੋਣਾਂ 2019 ਬੇਰੁਜ਼ਗਾਰੀ, ਕਿਸਾਨ, ਨੋਟਬੰਦੀ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਲੜੀਆਂ ਜਾ ਰਹੀਆਂ ਹਨ। ਰਾਮਨਾਥ ਕੋਵਿੰਗ ਨੇ ਦਿੱਲੀ ਵਿਚ ਵੋਟ ਪਾਈ, ਇਸ ਸਮੇਂ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਵੀ ਮੌਜੂਦ ਸੀ।

ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਗੁਰੂਗ੍ਰਾਮ ਵਿਚ ਵੋਟ ਪਾਈ। ਇਸ ਤੋਂ ਪਹਿਲਾਂ ਕੋਹਲੀ ਨੇ ਖੁਦ ਇੰਸਟਾਗ੍ਰਾਮ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ 12 ਮਈ ਨੂੰ ਗੁਰੂਗ੍ਰਾਮ ਵਿਚ ਵੋਟ ਪਾਉਣਗੇ। ਸਾਬਕਾ ਕ੍ਰਿਕੇਟਰ ਅਤੇ ਪੁਰਬੀ ਦਿੱਲੀ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਵੀ ਅਪਣੀ ਪਤਨੀ ਨਾਲ ਵੋਟ ਪਾਉਣ ਪਹੁੰਚੇ। ਦੱਸ ਦਈਏ ਕਿ ਗੰਭੀਰ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੀ ਆਤਿਸ਼ੀ ਮਾਲੋਨਾ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਅਰਵਿੰਦਰ ਸਿੰਘ ਲਵਲੀ ਨਾਲ ਹੈ।

ਕਾਂਗਰਸ ਦਿੱਲੀ ਪ੍ਰਦੇਸ਼ ਦੀ ਪ੍ਰਧਾਨ ਸ਼ੀਲਾ ਦਿਕਸ਼ਿਤ ਨੇ ਵੀ ਨਿਜ਼ਾਮੁਦੀਨ ਦੇ ਇਕ ਵੋਟਿੰਗ ਕੇਂਦਰ ਵਿਚ ਵੋਟ ਪਾਈ। ਸ਼ੀਲਾ ਦਿਕਸ਼ਿਤ ਇਸ ਵਾਰ ਉਤਰ-ਪੁਰਬੀ ਦਿੱਲੀ ਤੋਂ ਉਮੀਦਵਾਰ ਹਨ। ਉਹਨਾਂ ਦਾ ਮੁਕਾਬਲਾ ਭਾਜਪਾ ਦੇ ਮੌਜੂਦਾ ਸਾਂਸਦ ਮਨੋਜ ਤਿਵਾੜੀ ਨਾਲ ਹੈ। ਇਸਦੇ ਨਾਲ ਹੀ ਮਨੋਜ ਤਿਵਾੜੀ ਨੇ ਵੀ ਵੋਟ ਪਾਈ। ਮੱਧ ਪ੍ਰਦੇਸ਼ ਦੀ ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰੱਗਿਆ ਠਾਕੁਰ ਨੇ ਵੀ ਸਵੇਰੇ ਵੋਟ ਪਾਈ। ਭੋਪਾਲ ਸੀਟ ਤੋਂ ਸਾਧਵੀ ਪ੍ਰੱਗਿਆ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਦਿਗਵਿਜੈ ਸਿੰਘ ਨਾਲ ਹੈ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕਰਨਾਲ ਦੇ ਇਕ ਵੋਟਿੰਗ ਕੇਂਦਰ ਪਹੁੰਚ ਕੇ ਵੋਟ ਪਾਈ। ਇਸਦੇ ਨਾਲ ਹੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੂਰਬੀ ਦਿੱਲੀ ਲੋਕ ਸਭਾ ਖੇਤਰ ਦੇ ਇਕ ਵੋਟਿੰਗ ਕੇਂਦਰ ‘ਤੇ ਵੋਟ ਪਾਈ। ਇਸਦੇ ਨਾਲ ਹੀ ਮੱਕੇਬਾਜ਼ ਵਿਜੇਂਦਰ ਸਿੰਘ ਨੇ ਵੀ ਵੋਟ ਪਾਈ। ਯੂਪੀਏ ਪ੍ਰਧਾਨ ਸੋਨੀਆ ਗਾਂਧੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਮੇਤ ਹੋਰ ਕਈ ਦਿੱਗਜ ਨੇਤਾਵਾਂ ਨੇ ਵੋਟ ਪਾਈ ਹੈ।