ਸਾਬਕਾ ਪੀਐਮ ਮਨਮੋਹਨ ਸਿੰਘ ਨੂੰ ਏਮਜ਼ 'ਚੋਂ ਮਿਲੀ ਛੁੱਟੀ, ਸਿਹਤ 'ਚ ਸੁਧਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਨਮੋਹਨ ਸਿੰਘ ਨੂੰ ਏਮਜ਼ ਦੇ ਕਾਰਡੀਓ ਥੋਰੈਸਿਕ ਵਾਰਡ 'ਚ ਦਾਖਲ ਕਰਵਾਇਆ ਗਿਆ ਸੀ

File Photo

ਨਵੀਂ ਦਿੱਲੀ - ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਿਹਤ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) 'ਚੋਂ ਛੁੱਟੀ ਮਿਲ ਗਈ ਹੈ। ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਬੀਤੇ ਐਤਵਾਰ ਰਾਤ ਨੂੰ ਏਮਜ਼ 'ਚ ਦਾਖਲ ਕਰਵਾਇਆ ਗਿਆ ਸੀ।

ਮਨਮੋਹਨ ਸਿੰਘ ਨੂੰ ਏਮਜ਼ ਦੇ ਕਾਰਡੀਓ ਥੋਰੈਸਿਕ ਵਾਰਡ 'ਚ ਦਾਖਲ ਕਰਵਾਇਆ ਗਿਆ ਸੀ। ਇਸ ਸਮੇਂ ਮਨਮੋਹਨ ਸਿੰਘ ਤੰਦਰੁਸਤ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਐਤਵਾਰ ਰਾਤ ਨੂੰ ਏਮਜ਼ ਵਿਚ ਦਾਖਲ ਕਰਵਾਇਆ ਗਿਆ ਸੀ।

ਸੋਮਵਾਰ ਨੂੰ ਦਿੱਲੀ ਏਮਜ਼ ਵੱਲੋਂ ਜਾਰੀ ਕੀਤੇ ਗਏ ਸਿਹਤ ਬੁਲੇਟਿਨ ਦੇ ਅਨੁਸਾਰ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ਲਿਆਂਦਾ ਗਿਆ ਸੀ ਜਾਂਚ ਕਰਨ ਤੇ ਪਤਾ ਲੱਗਾ ਕਿ ਉਨ੍ਹਾਂ ਨੂੰ ਬੁਖਾਰ ਸੀ। ਮਨਮੋਹਨ ਸਿੰਘ ਦਾ ਇਲਾਜ ਡਾ. ਨਿਤੀਸ਼ ਨਾਇਕ ਦੀ ਟੀਮ ਨੇ ਕੀਤਾ। ਉਨ੍ਹਾਂ ਨੇ ਮਨਮੋਹਨ ਸਿੰਘ ਦੇ ਕੋਰੋਨਾ ਸਮੇਤ ਕਈ ਮਹੱਤਵਪੂਰਨ ਟੈਸਟ ਕੀਤੇ ਸਨ। ਸਾਬਕਾ ਪ੍ਰਧਾਨ ਮੰਤਰੀ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਸੀ।

ਹਸਪਤਾਲ ਦੇ ਸੂਤਰਾਂ ਅਨੁਸਾਰ, "ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕੁਝ ਨਵੀਂ ਦਵਾਈਆਂ ਦਿੱਤੀਆਂ ਗਈਆਂ ਸਨ, ਜਿਸ ਕਾਰਨ ਕੁਝ ਮੁਸ਼ਕਿਲਾਂ ਆਈਆਂ। 87 ਸਾਲਾ ਸਾਬਕਾ ਪ੍ਰਧਾਨ ਮੰਤਰੀ ਦੀ ਸਾਲ 2009 ਵਿੱਚ ਏਮਜ਼ 'ਚ ਬਾਈਪਾਸ ਸਰਜਰੀ ਹੋਈ ਸੀ।