ਤਾਜ ਮਹਿਲ ਵਿਚ 20 ਬੰਦ ਕਮਰੇ ਖੋਲ੍ਹਣ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ, HC ਨੇ ਪਟੀਸ਼ਨਰ ਨੂੰ ਪਾਈ ਝਾੜ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਕਿਹਾ ਕਿ ਪਹਿਲਾਂ ਯੂਨੀਵਰਸਿਟੀ ਜਾਓ, ਪੀਐਚਡੀ ਕਰੋ, ਫਿਰ ਅਦਾਲਤ ਵਿਚ ਆਓ। ਅਦਾਲਤ ਨੇ ਕਿਹਾ ਕਿ ਜੇਕਰ ਕੋਈ ਤੁਹਾਨੂੰ ਖੋਜ ਕਰਨ ਤੋਂ ਰੋਕਦਾ ਹੈ ਤਾਂ ਸਾਡੇ ਕੋਲ ਆਓ।

Taj Mahal: Allahabad HC rejects plea to open 22 closed doors


ਲਖਨਊ:  ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਤਾਜ ਮਹਿਲ ਦੀ ਬੇਸਮੈਂਟ ਵਿਚ ਬਣੇ 20 ਕਮਰੇ ਖੋਲ੍ਹਣ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪਹਿਲੀ ਸੁਣਵਾਈ ਵੀਰਵਾਰ ਨੂੰ 12 ਵਜੇ ਸ਼ੁਰੂ ਹੋਈ। ਤਾਜ ਮਹਿਲ ਵਿਵਾਦ 'ਤੇ ਹਾਈਕੋਰਟ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਸੁਣਵਾਈ ਦੌਰਾਨ ਅਦਾਲਤ ਨੇ ਪਟੀਸ਼ਨਰ ਨੂੰ ਝਾੜ ਪਾਈ। ਜਸਟਿਸ ਡੀਕੇ ਉਪਾਧਿਆਏ ਨੇ ਕਿਹਾ ਕਿ ਪਟੀਸ਼ਨਰ ਨੂੰ ਪੀਆਈਐਲ ਪ੍ਰਣਾਲੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਉਹਨਾਂ ਪਟੀਸ਼ਨਰ ਨੂੰ ਕਿਹਾ ਕਿ ਪਹਿਲਾਂ ਯੂਨੀਵਰਸਿਟੀ ਜਾਓ, ਪੀਐਚਡੀ ਕਰੋ, ਫਿਰ ਅਦਾਲਤ ਵਿਚ ਆਓ। ਅਦਾਲਤ ਨੇ ਕਿਹਾ ਕਿ ਜੇਕਰ ਕੋਈ ਤੁਹਾਨੂੰ ਖੋਜ ਕਰਨ ਤੋਂ ਰੋਕਦਾ ਹੈ ਤਾਂ ਸਾਡੇ ਕੋਲ ਆਓ।

court

ਉਹਨਾਂ ਕਿਹਾ ਕਿ ਕੱਲ੍ਹ ਨੂੰ ਤੁਸੀਂ ਆ ਕੇ ਕਹੋਗੇ ਕਿ ਤੁਸੀਂ ਜੱਜਾਂ ਦੇ ਚੈਂਬਰ 'ਚ ਜਾਣਾ ਹੈ ਤਾਂ ਕੀ ਅਸੀਂ ਤੁਹਾਨੂੰ ਚੈਂਬਰ ਦਿਖਾਵਾਂਗੇ? ਇਤਿਹਾਸ ਤੁਹਾਡੇ ਹਿਸਾਬ ਨਾਲ ਨਹੀਂ ਪੜ੍ਹਾਇਆ ਜਾਵੇਗਾ। ਤਾਜ ਮਹਿਲ ਦੇ 20 ਕਮਰੇ ਖੋਲ੍ਹਣ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਤੁਸੀਂ ਇਕ ਕਮੇਟੀ ਰਾਹੀਂ ਤੱਥਾਂ ਦੀ ਖੋਜ ਦੀ ਮੰਗ ਕਰ ਰਹੇ ਹੋ, ਤੁਸੀਂ ਕੌਣ ਹੋ, ਇਹ ਤੁਹਾਡਾ ਅਧਿਕਾਰ ਨਹੀਂ ਹੈ ਅਤੇ ਨਾ ਹੀ ਇਹ ਆਰਟੀਆਈ ਐਕਟ ਦੇ ਤਹਿਤ ਦਾਇਰੇ ਵਿਚ ਆਉਂਦਾ ਹੈ। ਅਸੀਂ ਤੁਹਾਡੀ ਦਲੀਲ ਨਾਲ ਸਹਿਮਤ ਨਹੀਂ ਹਾਂ।

Allahabad High Court

ਅਦਾਲਤ ਨੇ ਕਿਹਾ, "ਪਟੀਸ਼ਨ ਨਿਯਮ 226 ਦੇ ਤਹਿਤ ਤਾਜ ਮਹਿਲ ਦੇ ਇਤਿਹਾਸ ਦਾ ਅਧਿਐਨ ਕਰਨ ਦੀ ਮੰਗ ਕਰਦੀ ਹੈ। ਇਸ ਤੋਂ ਇਲਾਵਾ ਤਾਜ ਮਹਿਲ ਦੇ ਅੰਦਰ ਬੰਦ ਦਰਵਾਜ਼ੇ ਖੋਲ੍ਹਣ ਦੀ ਮੰਗ ਕੀਤੀ ਗਈ ਹੈ" । ਅਦਾਲਤ ਨੇ ਕਿਹਾ- ਜਿੱਥੋਂ ਤੱਕ ਤਾਜ ਮਹਿਲ ਦੇ ਕਮਰੇ ਖੋਲ੍ਹਣ ਦੀ ਮੰਗ ਦਾ ਸਵਾਲ ਹੈ, ਸਾਡਾ ਮੰਨਣਾ ਹੈ ਕਿ ਪਟੀਸ਼ਨਕਰਤਾ ਨੂੰ ਇਸ ਬਾਰੇ ਖੋਜ ਕਰਨੀ ਚਾਹੀਦੀ ਹੈ। ਅਸੀਂ ਇਸ ਰਿੱਟ ਪਟੀਸ਼ਨ ਨੂੰ ਸਵੀਕਾਰ ਨਹੀਂ ਕਰ ਸਕਦੇ। ਦੱਸ ਦਈਏ ਕਿ ਭਾਜਪਾ ਦੇ ਅਯੁੱਧਿਆ ਮੀਡੀਆ ਇੰਚਾਰਜ ਡਾਕਟਰ ਰਜਨੀਸ਼ ਸਿੰਘ ਨੇ 7 ਮਈ ਨੂੰ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਤਾਜ ਮਹਿਲ ਦੇ 22 'ਚੋਂ 20 ਕਮਰਿਆਂ ਨੂੰ ਖੋਲ੍ਹਣ ਦੀ ਮੰਗ ਕੀਤੀ ਸੀ। ਉਹਨਾਂ ਨੇ ਇਹਨਾਂ ਕਮਰਿਆਂ ਵਿਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਉਸ ਦਾ ਕਹਿਣਾ ਹੈ ਕਿ ਇਹਨਾਂ ਬੰਦ ਕਮਰਿਆਂ ਨੂੰ ਖੋਲ੍ਹ ਕੇ ਇਸ ਦਾ ਰਾਜ਼ ਦੁਨੀਆ ਸਾਹਮਣੇ ਉਜਾਗਰ ਕੀਤਾ ਜਾਵੇ।

Taj Mahal: Allahabad HC rejects plea to open 22 closed doors

ਪਟੀਸ਼ਨਕਰਤਾ ਰਜਨੀਸ਼ ਸਿੰਘ ਨੇ ਸੂਬਾ ਸਰਕਾਰ ਤੋਂ ਇਸ ਮਾਮਲੇ ਵਿਚ ਇਕ ਕਮੇਟੀ ਗਠਿਤ ਕਰਨ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਤਾਜ ਮਹਿਲ ਵਿਸ਼ਵ ਵਿਰਾਸਤ ਹੈ। ਇਸ ਨੂੰ ਧਾਰਮਿਕ ਰੰਗ ਨਹੀਂ ਦਿੱਤਾ ਜਾਣਾ ਚਾਹੀਦਾ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਪ੍ਰੋਫੈਸਰ ਨਦੀਮ ਰਿਜ਼ਵੀ ਨੇ ਤਾਜ ਮਹਿਲ ਨੂੰ ਦਿੱਤੇ ਜਾ ਰਹੇ ਧਾਰਮਿਕ ਰੰਗ 'ਤੇ ਨਾਰਾਜ਼ਗੀ ਪ੍ਰਗਟਾਈ ਹੈ।

Taj Mahal

ਉਹਨਾਂ ਕਿਹਾ ਕਿ ਤਾਜ ਮਹਿਲ ਦੀ ਬੇਸਮੈਂਟ ਅਤੇ ਹੋਰ ਹਿੱਸੇ 300 ਸਾਲ ਤੱਕ ਖੁੱਲ੍ਹੇ ਰਹੇ। ਕਈ ਪੀੜ੍ਹੀਆਂ ਨੇ ਦੇਖਿਆ ਹੈ। ਇੱਥੇ ਕੋਈ ਚਿੰਨ੍ਹ ਨਹੀਂ ਹਨ। ਤਾਜ ਦੇ ਜੋ ਹਿੱਸੇ ਬੰਦ ਕੀਤੇ ਗਏ ਸਨ, ਉਹ ਧਾਰਮਿਕ ਕਾਰਨਾਂ ਕਰਕੇ ਨਹੀਂ ਸਗੋਂ ਤਾਜ ਵਿਖੇ ਭੀੜ ਅਤੇ ਸੁਰੱਖਿਆ ਕਾਰਨਾਂ ਕਰਕੇ ਕੀਤੇ ਗਏ ਸਨ। ਉਹਨਾਂ ਕਿਹਾ ਕਿ ਸਮਾਰਕ ਦੀ ਸੁਰੱਖਿਆ ਅਤੇ ਸੈਲਾਨੀਆਂ ਦੀ ਸੁਰੱਖਿਆ ਲਈ ਏ.ਸਆਈ ਨੇ ਦੇਸ਼ ਭਰ ਵਿਚ ਸਮਾਰਕਾਂ ਦੇ ਕੁਝ ਹਿੱਸੇ ਬੰਦ ਕਰ ਦਿੱਤੇ ਹਨ। ਪ੍ਰੋ. ਰਿਜ਼ਵੀ ਨੇ ਕਿਹਾ ਕਿ ਤਾਜ ਦੀ ਬੇਸਮੈਂਟ ਨੂੰ ਖੋਲ੍ਹਣ ਵਿਚ ਕੋਈ ਨੁਕਸਾਨ ਨਹੀਂ ਹੈ ਪਰ ਇਸ ਨੂੰ ਅਦਾਲਤ ਦੀ ਨਿਗਰਾਨੀ ਵਿਚ ਖੋਲ੍ਹਿਆ ਜਾਣਾ ਚਾਹੀਦਾ ਹੈ ਅਤੇ ਵੀਡੀਓਗ੍ਰਾਫੀ ਕੀਤੀ ਜਾਣੀ ਚਾਹੀਦੀ ਹੈ।