ਮਾਣਹਾਨੀ ਮਾਮਲਾ: ਰਾਹੁਲ ਵਿਰੁਧ ਅਦਾਲਤ ਨੇ ਦੋਸ਼ ਕੀਤੇ ਤੈਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਥਾਨਕ ਮੈਜਿਸਟਰੇਟ ਦੀ ਅਦਾਲਤ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁਧ ਆਰਐਸਐਸ ਦੇ ਕਾਰਕੁਨ ਦੁਆਰਾ ਦਾਇਰ ਮਾਣਹਾਨੀ ਮਾਮਲੇ ਵਿਚ ਦੋਸ਼ ਤੈਅ ਕਰ ....

Rahul Gandhi

ਠਾਣੇ,  ਸਥਾਨਕ ਮੈਜਿਸਟਰੇਟ ਦੀ ਅਦਾਲਤ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁਧ ਆਰਐਸਐਸ ਦੇ ਕਾਰਕੁਨ ਦੁਆਰਾ ਦਾਇਰ ਮਾਣਹਾਨੀ ਮਾਮਲੇ ਵਿਚ ਦੋਸ਼ ਤੈਅ ਕਰ ਦਿਤੇ ਹਨ। ਕਾਂਗਰਸ ਪ੍ਰਧਾਨ ਨੂੰ ਹੁਣ ਮਾਣਹਾਨੀ ਦੇ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਅਦਾਲਤੀ ਕਾਰਵਾਈ ਦੌਰਾਨ ਰਾਹੁਲ ਨੇ ਇਸ ਮਾਮਲੇ ਵਿਚ ਅਪਣਾ ਜੁਰਮ ਕਬੂਲ ਨਹੀਂ ਕੀਤਾ। 

ਗਾਂਧੀ ਸਵੇਰੇ 11.05 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਭਿਵੰਡੀ ਦੀ ਅਦਾਲਤ ਵਿਚ ਪਹੁੰਚੇ ਜਿਥੇ ਲੋਕਾਂ ਨੇ ਉਨ੍ਹਾਂ ਦੇ ਸਮਰਥਨ ਵਿਚ ਨਾਹਰੇ ਲਾਏ। ਰਾਹੁਲ ਦੀਵਾਨੀ ਜੱਜ ਏ ਆਈ ਸ਼ੇਖ਼ ਸਾਹਮਣੇ ਪੇਸ਼ ਹੋਏ। ਫਿਰ ਜੱਜ ਨੇ ਉਨ੍ਹਾਂ ਵਿਰੁਧ ਲਾਏ ਗਏ ਦੋਸ਼ਾਂ ਅਤੇ ਸ਼ਿਕਾਇਤਕਰਤਾ ਰਾਜੇਸ਼ ਕੁੰਤੇ ਦੇ ਬਿਆਨ ਪੜ੍ਹ ਦੇ ਸੁਣਾਏ। ਜੱਜ ਨੇ ਦੋਸ਼ ਪੜ੍ਹਿਆ, 'ਦੋਸ਼ਾਂ ਅਨੁਸਾਰ ਤੁਸੀਂ ਛੇ ਮਾਰਚ 2014 ਨੂੰ ਭਿਵੰਡੀ ਵਿਚ ਚੋਣ ਰੈਲੀ ਵਿਚ ਉਸ ਸੰਗਠਨ ਦਾ ਅਕਸ ਖ਼ਰਾਬ ਕੀਤਾ ਜਿਸ ਨਾਲ ਸ਼ਿਕਾਇਤਕਰਤਾ ਜੁੜਿਆ ਹੋਇਆ ਹੈ।'

ਜੱਜ ਨੇ ਉਨ੍ਹਾਂ ਨੂੰ ਪੁਛਿਆ, 'ਕੀ ਤੁਸੀਂ ਦੋਸ਼ ਪ੍ਰਵਾਨ ਕਰਦੇ ਹੋ? ਇਸ ਦੇ ਜਵਾਬ ਵਿਚ ਗਾਂਧੀ ਨੇ ਕਿਹਾ, 'ਮੈਂ ਅਪਣਾ ਜੁਰਮ ਕਬੂਲ ਨਹੀਂ ਕਰਦਾ।' ਫਿਰ ਅਦਾਲਤ ਨੇ ਕਾਂਗਰਸ ਨੇਤਾ ਵਿਰੁਧ ਦੋਸ਼ ਤੈਅ ਕਰਨ ਦੀ ਕਾਰਵਾਈ ਸ਼ੁਰੂ ਕਰ ਦਿਤੀ। ਮਾਮਲੇ ਦੀ ਅਗਲੀ ਸੁਣਵਾਈ 10 ਅਗੱਸਤ ਨੂੰ ਹੋਵੇਗੀ। ਰਾਹੁਲ ਗਾਂਧੀ ਦੁਪਹਿਰ 12.15 ਵਜੇ ਅਦਾਲਤ ਵਿਚੋਂ ਚਲੇ ਗਏ। ਅਗਲੀ ਸੁਣਵਾਈ ਮੌਕੇ ਉਨ੍ਹਾਂ ਨੂੰ ਪੇਸ਼ ਹੋਣ ਦੀ ਲੋੜ ਨਹੀਂ ਪਵੇਗੀ। ਭਾਸ਼ਨ ਵਿਚ ਰਾਹੁਲ ਨੇ ਕਿਹਾ ਸੀ ਕਿ ਮਹਾਤਮਾ ਗਾਂਧੀ ਦੀ ਹਤਿਆ ਵਿਚ ਆਰਐਸਐਸ ਦਾ ਹੱਥ ਸੀ। (ਏਜੰਸੀ)