ਦੇਸ਼ ਦੋ-ਤਿੰਨ ਬੰਦਿਆਂ ਦਾ ਗ਼ੁਲਾਮ ਬਣਿਆ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ 'ਤੇ ਓਬੀਸੀ ਵਰਗ ਨੂੰ ਅਣਡਿੱਠ ਕਰਨ ਦਾ ਦੋਸ਼ ਲਾਇਆ.....

Rahul Gandhi

ਨਵੀਂ ਦਿੱਲੀ,  : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ 'ਤੇ ਓਬੀਸੀ ਵਰਗ ਨੂੰ ਅਣਡਿੱਠ ਕਰਨ ਦਾ ਦੋਸ਼ ਲਾਇਆ ਹੈ। ਰਾਹੁਲ ਨੇ ਇਥੇ ਪਾਰਟੀ ਦੇ ਓਬੀਸੀ ਸੰਮੇਲਨ ਵਿਚ ਕਿਹਾ ਕਿ ਕਾਂਗਰਸ ਵਿਚ ਹੋਰ ਪਿਛੜੇ ਵਰਗ ਦੇ ਲੋਕਾਂ ਨੂੰ ਯੋਗ ਨੁਮਾਇੰਦਗੀ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਵਿਚ ਅਜਿਹੀ ਸਥਿਤੀ ਬਣਾ ਦਿਤੀ ਗਈ ਹੈ ਕਿ ਜੋ ਕੰਮ ਕਰਦਾ ਹੈ, ਉਹ ਪਿੱਛੇ ਰਹਿੰਦਾ ਹੈ। ਕੰਮ ਕੋਈ ਕਰਦਾ ਹੈ ਅਤੇ ਫ਼ਾਇਦਾ ਕਿਸੇ ਹੋਰ ਨੂੰ ਹੁੰਦਾ ਹੈ। ਜੋ ਹੁਨਰਮੰਦ ਹੈ ਅਤੇ ਜੋ ਖ਼ੂਨ-ਪਸੀਨਾ ਵਹਾਉਂਦਾ ਹੈ, ਉਸ ਨੂੰ ਸਨਮਾਨ ਨਹੀਂ ਮਿਲਦਾ। 

ਉਨ੍ਹਾਂ ਦਾਅਵਾ ਕੀਤਾ ਕਿ ਹਿੰਦੁਸਤਾਨ ਭਾਜਪਾ ਦੇ ਦੋ ਤਿੰਨ ਆਗੂਆਂ ਅਤੇ ਆਰਐਸਐਸ ਦਾ ਗ਼ੁਲਾਮ ਬਣ ਗਿਆ ਹੈ। ਗਾਂਧੀ ਨੇ ਕਿਹਾ ਕਿ ਸਾਲ-ਛੇ ਮਹੀਨਿਆਂ ਵਿਚ ਪੂਰੀ ਵਿਰੋਧੀ ਧਿਰ ਇਕੱਠੀ ਹੋਵੇਗੀ ਤਾਂ ਮੋਦੀ ਜੀ, ਅਮਿਤ ਸ਼ਾਹ ਅਤੇ ਮੋਹਨ ਭਾਗਵਤ ਨੂੰ ਸਮਝ ਆ ਜਾਵੇਗਾ ਕਿ ਦੋ ਤਿੰਨ ਲੋਕ ਭਾਰਤ ਨੂੰ ਨਹੀਂ ਚਲਾ ਸਕਦੇ। 
ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨੇ ਇਕ ਰੁਪਇਆ ਨਹੀਂ ਦਿਤਾ। 15 ਉਦਯੋਗਪਤੀਆਂ ਦਾ ਕਰਜ਼ਾ ਮਾਫ਼ ਕਰ ਦਿਤਾ। ਕਿਸਾਨ ਖ਼ੁਦਕੁਸ਼ੀ ਕਰ ਰਹੇ ਹਨ ਪਰ ਕਰਜ਼ੇ ਮਾਫ਼ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ, 'ਮੋਦੀ ਜੀ ਕਹਿੰਦੇ ਹਨ ਕਿ ਨੌਜਵਾਨਾਂ ਨੂੰ ਹੁਨਰ ਸਿਖਾਉਣਾ ਹੈ

ਪਰ ਸਚਾਈ ਇਹ ਹੈ ਕਿ ਦੇਸ਼ ਵਿਚ ਹੁਨਰ ਦੀ ਕੋਈ ਕਮੀ ਨਹੀਂ। ਓਬੀਸੀ ਕੋਲ ਹੁਨਰ ਦੀ ਕੋਈ ਕਮੀ ਨਹੀਂ ਹੈ। ਬਸ ਉਨ੍ਹਾਂ ਦੇ ਹੁਨਰ ਨੂੰ ਸਨਮਾਨ ਨਹੀਂ ਮਿਲ ਰਿਹਾ। ਰਾਹੁਲ ਨੇ ਮੋਦੀ ਸਰਕਾਰ 'ਤੇ ਹੁਨਰਮੰਦ ਲੋਕਾਂ ਨੂੰ ਅੱਗੇ ਵਧਣ ਦਾ ਮੌਕਾ ਨਾ ਦੇਣ ਦਾ ਦੋਸ਼ ਲਾਇਆ ਅਤੇ ਨਾਲ ਹੀ ਅੰਤਰਰਾਸ਼ਟਰੀ ਕਾਰੋਬਾਰੀ ਅਦਾਰਿਆਂ ਨੂੰ ਆਮ ਲੋਕਾਂ ਦੁਆਰਾ ਖੜਾ ਕੀਤੇ ਜਾਣ ਦੀ ਮਿਸਾਲ ਦਿਤੀ। 

ਉਨ੍ਹਾਂ ਕਿਹਾ, 'ਸ਼ਿਕੰਜਵੀ ਵੇਚਣ ਵਾਲੇ ਨੇ ਕੋਕਾ ਕੋਲਾ ਜਿਹੀ ਕੰਪਨੀ ਬਣਾ ਦਿਤੀ ਅਤੇ ਢਾਬਾ ਚਲਾਉਣ ਵਾਲੇ ਮੈਕਡੋਨਾਲਡ ਜਿਹਾ ਬ੍ਰਾਂਡ ਖੜਾ ਕਰ ਦਿਤਾ। ਉਨ੍ਹਾਂ ਕਿਹਾ ਕਿ ਭਾਜਪਾ ਵਿਚ ਓਬੀਸੀ ਦੀ ਗੱਲ ਨਹੀਂ ਸੁਣੀ ਜਾਂਦੀ ਪਰ ਕਾਂਗਰਸ ਵਿਚ ਸਾਰਿਆਂ ਨੂੰ ਸਨਮਾਨ ਦਿਤਾ ਜਾਂਦਾ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਆਰਐਸਐਸ ਦੇ ਲੋਕ ਦੇਸ਼ ਨੂੰ ਵੰਡਣ ਵਿਚ ਲੱਗੇ ਹੋਏ ਹਨ। ਉਹ ਓਬੀਸੀ ਨੂੰ ਵੰਡਣ ਵਿਚ ਲੱਗੇ ਹੋਏ ਹਨ।                (ਏਜੰਸੀ)