ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਏਮਜ਼ ਵਿਚ ਭਰਤੀ
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਅਚਾਨਕ ਆਲ ਇੰਡੀਆ ਮੈਡੀਕਲ ਇੰਸਟੀਚਿਊਟ (ਏਮਜ਼) ਵਿਚ ਦਾਖ਼ਲ ਕਰਵਾਇਆ ਗਿਆ.......
ਨਵੀਂ ਦਿੱਲੀ, : ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਅਚਾਨਕ ਆਲ ਇੰਡੀਆ ਮੈਡੀਕਲ ਇੰਸਟੀਚਿਊਟ (ਏਮਜ਼) ਵਿਚ ਦਾਖ਼ਲ ਕਰਵਾਇਆ ਗਿਆ ਹੈ। ਅਚਾਨਕ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਉਂਜ ਇਹ ਨਿਯਮਿਤ ਜਾਂਚ ਹੈ ਜੋ ਏਮਜ਼ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਦੀ ਨਿਗਰਾਨੀ ਵਿਚ ਹੋ ਰਹੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਾਜਪਾਈ ਦੀ ਤਬੀਅਤ ਖ਼ਰਾਬ ਹੋਣ ਦੀ ਖ਼ਬਰ ਸੁਣਦਿਆਂ ਹੀ ਹਸਪਤਾਲ ਪਹੁੰਚ ਗਏ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਬਾਅਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੀ ਹਸਪਤਾਲ ਪੁੱਜੇ।
93 ਸਾਲਾ ਵਾਜਪਾਈ ਡਿਮੇਂਸ਼ੀਆ ਯਾਨੀ ਭੁੱਲਣ ਦੀ ਬੀਮਾਰੀ ਨਾਲ ਜੂਝ ਰਹੇ ਹਨ। ਉਹ ਸਾਲ 2009 ਤੋਂ ਵੀਲਚੇਅਰ 'ਤੇ ਹਨ। ਵਾਜਪਾਈ ਦੀ ਸਿਹਤ ਬਾਰੇ ਏਮਜ਼ ਨੇ ਬੁਲੇਟਿਨ ਜਾਰੀ ਕੀਤਾ ਜਿਸ ਵਿਚ ਉਨ੍ਹਾਂ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ। ਸੂਤਰਾਂ ਅਨੁਸਾਰ ਵੱਖ ਵੱਖ ਵਿਭਾਗਾਂ ਦੇ ਡਾਕਟਰ ਉਨ੍ਹਾਂ ਦੀ ਜਾਂਚ ਕਰ ਰਹੇ ਹਨ। ਇਸ ਤੋਂ ਪਹਿਲਾਂ ਭਾਜਪਾ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਡਾਕਟਰਾਂ ਦੀ ਸਲਾਹ 'ਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਏਮਜ਼ ਵਿਚ ਦਾਖ਼ਲ ਕਰਾਇਆ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਠੀਕ ਨਹੀ ਸਨ ਅਤੇ ਅਪਣੇ ਸਰਕਾਰੀ ਘਰ ਵਿਚ ਹੀ ਡਾਕਟਰਾਂ ਦੀ ਨਿਗਰਾਨੀ ਹੇਠ ਸਨ।
ਨਰਿੰਦਰ ਮੋਦੀ ਸਰਕਾਰ ਦੀ ਕਾਇਮੀ ਮਗਰੋਂ ਵਾਜਪਾਈ ਨੂੰ 'ਭਾਰਤ ਰਤਨ' ਨਾਲ ਸਨਮਾਨਤ ਕੀਤਾ ਗਿਆ ਸੀ। ਉਹ 1991, 1996, 1998, 1999 ਅਤੇ 2004 ਵਿਚ ਲੋਕ ਸਭਾ ਮੈਂਬਰ ਚੁਣੇ ਗਏ ਸਨ ਅਤੇ ਬਤੌਰ ਪ੍ਰਧਾਨ ਮੰਤਰੀ ਕਾਰਜਕਾਲ ਪੂਰਾ ਕਰਨ ਵਾਲੇ ਪਹਿਲੇ ਅਤੇ ਹੁਣ ਤਕ ਦੇ ਇਕੋ ਇਕ ਗ਼ੈਰ-ਕਾਂਗਰਸੀ ਨੇਤਾ ਹਨ। (ਏਜੰਸੀ)