ਭਾਰਤ 'ਤੇ 'ਲੋਨ ਵੁਲਫ਼ ਅਟੈਕ' ਦੀ ਤਿਆਰੀ 'ਚ ਅਲਕਾਇਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੱਡੇ ਮੰਤਰੀ ਅਤੇ ਹਿੰਦੂਵਾਦੀ ਨੇਤਾ ਅਤਿਵਾਦੀਆਂ ਦੇ ਨਿਸ਼ਾਨੇ 'ਤੇ

India Jammu Kashmir

ਸ੍ਰੀਨਗਰ: ਦੇਸ਼ ਵਿਚ ਜਿੱਥੇ ਇਕ ਪਾਸੇ ਕੋਰੋਨਾ ਨੇ ਵੱਡੀ ਦਹਿਸ਼ਤ ਮਚਾਈ ਹੋਈ ਹੈ ਉਥੇ ਹੀ ਹੁਣ ਅਤਿਵਾਦੀ ਸੰਗਠਨ ਅਲਕਾਇਦਾ ਵੱਲੋਂ ਵੀ ਭਾਰਤ ਵਿਚ ਦਹਿਸ਼ਤ ਮਚਾਉਣ ਲਈ ਤਿਆਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜੀ ਹਾਂ, ਅਲਕਾਇਦਾ ਵੱਲੋਂ 'ਲੋਨ ਵੁਲਫ ਅਟੈਕ' ਜ਼ਰੀਏ ਭਾਰਤ ਵਿਚ ਵੱਡੀ ਤਬਾਹੀ ਮਚਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ।

ਇਸ ਦੌਰਾਨ ਸਰਕਾਰ ਦੇ ਵੱਡੇ ਮੰਤਰੀ, ਅਫ਼ਸਰ, ਹਿੰਦੂਵਾਦੀ ਨੇਤਾ ਅਤੇ ਸੁਰੱਖਿਆ ਏਜੰਸੀਆਂ ਨਾਲ ਜੁੜੇ ਲੋਕ ਅਲਕਾਇਦਾ ਦੇ ਨਿਸ਼ਾਨੇ 'ਤੇ ਦੱਸੇ ਜਾ ਰਹੇ ਹਨ। ਭਾਰਤੀ ਖ਼ੁਫ਼ੀਆ ਏਜੰਸੀਆਂ ਵੱਲੋਂ ਅਲਕਾਇਦਾ ਦੀ ਇਸ ਸਾਜਿਸ਼ ਦਾ ਖ਼ੁਲਾਸਾ ਕੀਤਾ ਗਿਆ ਹੈ। ਕੀ ਹੈ ਅਲਕਾਇਦਾ ਦੀ ਇਸ ਸਾਜਿਸ਼ ਦਾ ਪਲੈਨ ਅਤੇ ਕੀ ਹੁੰਦਾ ਹੈ 'ਲੋਨ ਵੁਲਫ਼ ਅਟੈਕ' ਆਓ ਜਾਣਦੇ ਹਾਂ ਇਸ ਬਾਰੇ।

ਦਰਅਸਲ ਅਲਕਾਇਦਾ ਨੇ ਬੰਗਲਾਦੇਸ਼ ਵਿਚ ਕੱਟੜ ਇਸਲਾਮਿਕ ਸੋਚ ਦੇ ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲ ਨੌਜਵਾਨਾਂ ਨੂੰ ਆਨਲਾਈਨ ਟ੍ਰੇਨਿੰਗ ਕੰਟੈਂਟ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ। ਖ਼ੁਫ਼ੀਆ ਏਜੰਸੀਆਂ ਮੁਤਾਬਕ ਇਸ ਕੰਟੈਂਟ ਜ਼ਰੀਏ ਭਾਰਤ ਵਿਚ ਜਿਹਾਦੀ ਸੋਚ ਰੱਖਣ ਵਾਲੇ ਨੌਜਵਾਨਾਂ ਨੂੰ ਲੋਨ ਵੁਲਫ਼ ਅਟੈਕ ਦੇ ਲਈ ਟ੍ਰੇਨਿੰਗ ਦਿੱਤੀ ਜਾਵੇਗੀ। ਅਲਕਾਇਦਾ ਵੱਲੋਂ ਅਪਣੇ ਇਸੇ ਮਿਸ਼ਨ ਤਹਿਤ ਪਿਛਲੇ ਦਿਨੀਂ ਵੱਖ-ਵੱਖ ਵੈਬਸਾਈਟਾਂ 'ਤੇ ਕੁੱਝ ਵੀਡੀਓ ਅਤੇ ਆਡੀਓ ਵੀ ਪੋਸਟ ਕੀਤੇ ਗਏ ਸਨ।

ਖ਼ੁਫ਼ੀਆ ਏਜੰਸੀਆਂ ਵੱਲੋਂ ਮਿਲੇ ਇਨਪੁੱਟ ਦੇ ਆਧਾਰ 'ਤੇ ਦੇਸ਼ ਦੇ ਸਾਰੇ ਵੀਵੀਆਈਪੀ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਆਖਿਆ ਗਿਆ ਹੈ। ਵੀਵੀਆਈਪੀਜ਼ ਨੁੰ ਮਿਲਣ ਲਈ ਆਉਣ ਵਾਲੇ ਲੋਕਾਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਤਲਾਸ਼ੀ ਲੈਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਗਨ। 'ਲੋਨ ਵੁਲਫ਼ ਅਟੈਕ' ਤਹਿਤ ਅਤਿਵਾਦੀਆਂ ਨੂੰ ਇਕ ਵਿਸ਼ੇਸ਼ ਤਰ੍ਹਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਵਿਚ ਲੋਨ ਵੁਲਫ਼ ਅਟੈਕਰਜ਼ ਦੇ ਦਿਮਾਗ਼ ਨੂੰ ਪੂਰੀ ਤਰ੍ਹਾਂ ਕੱਟੜਪੰਥੀ ਸੋਚ ਨਾਲ ਭਰ ਦਿੱਤਾ ਜਾਂਦਾ ਹੈ।

ਉਨ੍ਹਾਂ ਨੂੰ ਜਿੰਨਾ ਕਿਹਾ ਜਾਵੇਗਾ, ਉਹ ਓਨਾ ਹੀ ਕੰਮ ਕਰਨਗੇ। ਉਸ ਤੋਂ ਅੱਗੇ ਉਨ੍ਹਾਂ ਨੂੰ ਸਮਝਣਾ ਅਤੇ ਸੋਚਣਾ ਨਹੀਂ ਆਉਂਦਾ। ਲੋਨ ਵੁਲਫ਼ ਅਟੈਕ ਤਹਿਤ ਕੀਤੇ ਗਏ ਹਮਲੇ ਦੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਬਿਨਾਂ ਟੀਮ ਦੇ ਅੰਜ਼ਾਮ ਦਿੱਤਾ ਜਾਂਦਾ ਹੈ। ਯਾਨੀ ਇਕੱਲਾ ਅਤਿਵਾਦੀ ਪੂਰੇ ਹਮਲੇ ਨੂੰ ਅੰਜ਼ਾਮ ਦਿੰਦਾ ਹੈ। ਇਸ ਅਟੈਕ ਵਿਚ ਸਾਰੇ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਤਿਵਾਦੀਆਂ ਦਾ ਮਕਸਦ ਟਾਰਗੈੱਟ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਹੁੰਦਾ ਹੈ।

ਦਰਅਸਲ ਕਸ਼ਮੀਰ ਵਿਚ ਲਗਾਤਾਰ ਅਤਿਵਾਦੀਆਂ ਦਾ ਖ਼ਾਤਮਾ ਹੁੰਦਾ ਦੇਖ ਅਤਿਵਾਦੀ ਸੰਗਠਨ ਅਲਕਾਇਦਾ ਬੌਖ਼ਲਾਹਟ ਵਿਚ ਆ ਗਿਆ ਹੈ। ਇਹੀ ਕਾਰਨ ਹੈ ਕਿ ਉਹ ਦੇਸ਼ ਵਿਚ ਦਹਿਸ਼ਤ ਫੈਲਾਉਣ ਲਈ ਹੁਣ 'ਲੋਨ ਵੁਲਫ਼ ਅਟੈਕ' ਦਾ ਸਹਾਰਾ ਲੈਣ ਦੀ ਕੋਸ਼ਿਸ਼ ਵਿਚ ਹੈ।

ਦੱਸ ਦਈਏ ਕਿ ਜੰਮੂ-ਕਸ਼ਮੀਰ ਵਿਚ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤਕ ਵੱਖ-ਵੱਖ ਐਨਕਾਊਂਟਰਾਂ ਵਿਚ 100 ਦੇ ਕਰੀਬ ਅਤਿਵਾਦੀ ਮਾਰੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 8 ਤੋਂ ਜ਼ਿਆਦਾ ਅਤਿਵਾਦੀ ਸੰਗਠਨ ਦੇ ਟਾਪ ਕਮਾਂਡਰ ਮੌਜੂਦ ਸਨ। ਹੁਣ ਵੀ ਅਲਕਾਇਦਾ ਦਾ ਇਹ ਨਾਪਾਕ ਮਨਸੂਬਾ ਕਦੇ ਕਾਮਯਾਬ ਨਹੀਂ ਹੋ ਸਕੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।