Nirmala Sitharaman News: ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਲਗਾਤਾਰ ਦੂਜੀ ਵਾਰ ਸੰਭਾਲਿਆ ਵਿੱਤ ਮੰਤਰੀ ਦਾ ਅਹੁਦਾ
ਸੀਤਾਰਮਨ ਨੇ ਕਿਹਾ ਕਿ ਸਰਕਾਰ ਅਪਣੇ ਨਾਗਰਿਕਾਂ ਲਈ 'ਈਜ਼ ਆਫ ਲਿਵਿੰਗ' ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ
Nirmala Sitharaman News: ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਲਗਾਤਾਰ ਦੂਜੀ ਵਾਰ ਵਿੱਤ ਮੰਤਰਾਲੇ ਦਾ ਚਾਰਜ ਸੰਭਾਲਿਆ। ਉਹ ਜਲਦੀ ਹੀ ਵਿੱਤੀ ਸਾਲ 2025 ਦਾ ਅੰਤਿਮ ਬਜਟ ਪੇਸ਼ ਕਰੇਗੀ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਤੀਜੀ ਸਰਕਾਰ ਦੀ ਤਰਜੀਹ ਅਤੇ ਵਿਕਸਤ ਭਾਰਤ ਦੀ ਦਿਸ਼ਾ ਨਿਰਧਾਰਤ ਕਰੇਗਾ। ਨਾਰਥ ਬਲਾਕ ਦਫ਼ਤਰ 'ਚ ਵਿੱਤ ਸਕੱਤਰ ਟੀਵੀ ਸੋਮਨਾਥਨ ਅਤੇ ਹੋਰ ਉੱਚ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਵੀ ਮੌਜੂਦ ਸਨ। ਚੌਧਰੀ ਨੇ ਮੰਗਲਵਾਰ ਸ਼ਾਮ ਨੂੰ ਅਹੁਦਾ ਸੰਭਾਲਿਆ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਅਹੁਦਾ ਸੰਭਾਲਣ ਤੋਂ ਬਾਅਦ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਨੂੰ ਵੱਖ-ਵੱਖ ਵਿਭਾਗਾਂ ਦੇ ਸਕੱਤਰਾਂ ਨੇ ਮੌਜੂਦਾ ਨੀਤੀਗਤ ਮੁੱਦਿਆਂ ਬਾਰੇ ਜਾਣਕਾਰੀ ਦਿਤੀ।
ਸੀਤਾਰਮਨ ਨੇ ਕਿਹਾ ਕਿ ਸਰਕਾਰ ਅਪਣੇ ਨਾਗਰਿਕਾਂ ਲਈ 'ਈਜ਼ ਆਫ ਲਿਵਿੰਗ' ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਸਬੰਧ ਵਿਚ ਅਗਲੇ ਕਦਮ ਚੁੱਕਣਾ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ 2014 ਤੋਂ ਸ਼ੁਰੂ ਕੀਤੇ ਗਏ ਸੁਧਾਰ ਜਾਰੀ ਰਹਿਣਗੇ, ਜਿਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਭਾਰਤ ਮੈਕਰੋ-ਆਰਥਿਕ ਸਥਿਰਤਾ ਅਤੇ ਵਿਕਾਸ ਪ੍ਰਾਪਤ ਕਰੇਗਾ।
ਉਨ੍ਹਾਂ ਨੇ ਗਲੋਬਲ ਚੁਣੌਤੀਆਂ ਦੇ ਵਿਚਕਾਰ ਹਾਲ ਹੀ ਦੇ ਸਾਲਾਂ ਵਿਚ ਭਾਰਤ ਦੀ ਸ਼ਲਾਘਾਯੋਗ ਵਿਕਾਸ ਗਾਥਾ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਾਲਾਂ ਲਈ ਆਰਥਿਕ ਦ੍ਰਿਸ਼ਟੀਕੋਣ ਆਸ਼ਾਵਾਦੀ ਹੈ। ਉਨ੍ਹਾਂ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਐਨਡੀਏ ਸਰਕਾਰ ਦੇ ਵਿਕਾਸ ਦੇ ਏਜੰਡੇ ਨੂੰ ਨਵੇਂ ਜੋਸ਼ ਨਾਲ ਅੱਗੇ ਵਧਾਉਣ ਅਤੇ ਪ੍ਰਧਾਨ ਮੰਤਰੀ ਦੇ 'ਵਿਕਸਤ ਭਾਰਤ' ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜ਼ਿੰਮੇਵਾਰ ਨੀਤੀ ਨਿਰਮਾਣ ਨੂੰ ਯਕੀਨੀ ਬਣਾਉਣ।
ਸੀਤਾਰਮਨ ਨੇ ਕਿਹਾ ਕਿ ਸਰਕਾਰ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ' 'ਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਨੇ ਮਜ਼ਬੂਤ ਅਤੇ ਜੀਵੰਤ ਅਰਥਵਿਵਸਥਾ ਨੂੰ ਯਕੀਨੀ ਬਣਾਉਣ ਲਈ ਉਦਯੋਗ, ਰੈਗੂਲੇਟਰਾਂ ਅਤੇ ਨਾਗਰਿਕਾਂ ਸਮੇਤ ਸਾਰੇ ਹਿੱਸੇਦਾਰਾਂ ਤੋਂ ਨਿਰੰਤਰ ਸਮਰਥਨ ਅਤੇ ਸਹਿਯੋਗ ਦਾ ਸੱਦਾ ਦਿਤਾ। ਸੀਤਾਰਮਨ ਲਗਾਤਾਰ ਸੱਤਵਾਂ ਬਜਟ ਅਤੇ ਲਗਾਤਾਰ ਛੇਵਾਂ ਪੂਰਨ ਬਜਟ ਪੇਸ਼ ਕਰਕੇ ਰਿਕਾਰਡ ਬਣਾਏਗੀ। ਵਿੱਤੀ ਸਾਲ 2024-25 ਦਾ ਪੂਰਾ ਬਜਟ ਅਗਲੇ ਮਹੀਨੇ ਨਵੀਂ ਬਣੀ 18ਵੀਂ ਲੋਕ ਸਭਾ 'ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਸੀਤਾਰਮਨ ਨੇ ਲਗਾਤਾਰ ਤੀਜੀ ਵਾਰ ਮੰਤਰੀ ਵਜੋਂ ਮੋਦੀ ਸਰਕਾਰ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਬਣਨ ਦਾ ਰਿਕਾਰਡ ਵੀ ਬਣਾਇਆ ਹੈ।
(For more Punjabi news apart from 'Bad parenting fee' at Georgia restaurant, stay tuned to Rozana Spokesman)