ਮਾਬ ਲਿੰਚਿੰਗ 'ਤੇ ਬੋਲੇ ਮੋਦੀ, ਰਾਜਨੀਤੀ ਤੋਂ ਉਪਰ ਉਠ ਕੇ ਸ਼ਾਂਤੀ ਕਾਇਮ ਕਰਨ ਦੀ ਲੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਬ ਲਿੰਚਿੰਗ ਦੀਆਂ ਘਟਨਾਵਾਂ 'ਤੇ ਬੋਲਦਿਆਂ ਕਿਹਾ ਹੈ ਕਿ ਹਰ ਕਿਸੇ ਨੂੰ ਰਾਜਨੀਤੀ ਤੋਂ ਉਪਰ ਉਠ ਕੇ ਸਮਾਜ ਵਿਚ ਸ਼ਾਂਤੀ...

PM Narender Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਬ ਲਿੰਚਿੰਗ ਦੀਆਂ ਘਟਨਾਵਾਂ 'ਤੇ ਬੋਲਦਿਆਂ ਕਿਹਾ ਹੈ ਕਿ ਹਰ ਕਿਸੇ ਨੂੰ ਰਾਜਨੀਤੀ ਤੋਂ ਉਪਰ ਉਠ ਕੇ ਸਮਾਜ ਵਿਚ ਸ਼ਾਂਤੀ ਅਤੇ ਏਕਤਾ ਬਣਾਉਣ ਦੀ ਲੋੜ ਹੈ। ਇਕ ਬਿਆਨ ਵਿਚ ਮੋਦੀ ਨੇ ਮਾਬ ਲਿੰਚਿੰਗ ਨਾਲ ਜੁੜੇ ਸਵਾਲ 'ਤੇ ਕਿਹਾ ਕਿ ਮੇਰੀ ਪਾਰਟੀ ਅਤੇ ਮੈਂ ਇਨ੍ਹਾਂ ਘਟਨਾਵਾਂ ਅਤੇ ਅਜਿਹੀ ਮਾਨਸਿਕਤਾ 'ਤੇ ਕਈ ਮੌਕਿਆਂ 'ਤੇ ਸਾਫ਼-ਸਾਫ਼ ਕਹਿ ਚੁੱਕੇ ਹਾਂ। ਇਹ ਸਭ ਰਿਕਾਰਡ ਵਿਚ ਹੈ। ਇਸ ਤਰ੍ਹਾਂ ਦੀ ਇਕ ਵੀ ਘਟਨਾ ਬੇਹੱਦ ਮੰਦਭਾਗੀ ਹੈ। ਸਾਡੇ ਸਮਾਜ ਵਿਚ ਸ਼ਾਂਤੀ ਅਤੇ ਏਕਤਾ ਯਕੀਨੀ ਕਰਨ ਲਈ ਹਰ ਕਿਸੇ ਨੂੰ ਰਾਜਨੀਤੀ ਤੋਂ ਉਪਰ ਉਠਣਾ ਚਾਹੀਦਾ ਹੈ। 

ਪੀਐਮ ਮੋਦੀ ਨੇ ਮਾਬ ਲਿੰਚਿੰਗ ਦੀਆਂ ਘਟਨਾਵਾਂ ਨੂੰ ਅਪਰਾਧ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਮਹਿਜ਼ ਅੰਕੜਿਆਂ ਤਕ ਸੀਮਤ ਰੱਖ ਕੇ ਰਾਜਨੀਤੀ ਕਰਨਾ ਇਕ ਮਜ਼ਾਕ ਹੋਵੇਗਾ। ਉਨ੍ਹਾਂ ਕਿਹਾ ਕਿ ਇਕ ਹੋ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਵਿਰੋਧ ਕਰਨ ਦੀ ਬਜਾਏ ਅਪਰਾਧ ਅਤੇ ਹਿੰਸਾ ਵਰਗੀਆਂ ਘਟਨਾਵਾਂ ਦਾ ਸਿਆਸੀ ਫ਼ਾਇਦਾ ਉਠਾਉਣਾ ਇਕ ਅਪੰਗ ਮਾਨਸਿਕਤਾ ਦਾ ਸਬੂਤ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸੇ ਦੌਰਾਨ ਰਾਖਵਾਂਕਰਨ ਦੇ ਖ਼ਤਮ ਹੋਣ ਦੀ ਰਿਪੋਰਟ ਨੂੰ ਸਿਰੇ ਤੋਂ ਨਾਕਾਰਦੇ ਹੋਏ ਸਾਫ਼ ਕੀਤਾ ਕਿ ਰਾਖਵਾਂਕਰਨ ਕਾਇਮ ਰਹੇਗਾ।

ਮੋਦੀ ਨੇ ਬਾਬਾ ਭੀਮਰਾਓ ਅੰਬੇਦਕਰ ਵਲੋਂ ਦਿਤੇ ਗਏ ਸੰਵਿਧਾਨ ਦੇ ਸੁਪਨਿਆਂ ਨੂੰ ਅਸੀਂ ਪੂਰਾ ਕਰਾਂਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਅੰਬੇਦਕਰ ਨੇ ਸੰਵਿਧਾਨ ਦੁਆਰਾ ਸਾਡੇ ਉਦੇਸ਼ ਅਤੇ ਸੁਪਨਿਆਂ ਨੂੰ ਪੂਰਾ ਕੀਤਾ ਹੈ। ਇਸ ਲਈ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਸੰਵਿਧਾਨ ਵਿਚ ਦਿਤੇ ਮਹੱਤਵਪੂਰਨ ਵਿਵਸਥਾ ਰਾਖਵਾਂਕਰਨ ਦੁਆਰਾ ਇਸ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਸਾਫ਼ ਕੀਤਾ ਕਿ ਰਾਖਵਾਂਕਰਨ ਹਰ ਹਾਲ ਵਿਚ ਕਾÎਇਮ ਰਹੇਗਾ, ਇਸ ਵਿਚ ਕਿਸੇ ਵੀ ਤਰ੍ਹਾਂ ਦਾ ਸ਼ੱਕ ਕਿਸੇ ਨੂੰ ਨਹੀਂ ਹੋਣਾ ਚਾਹੀਦਾ। 

ਬਾਬਾ ਸਾਹਿਬ ਦੇ ਮਜ਼ਬੂਤ ਭਾਰਤ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਸਾਡੀ ਸਰਕਾਰ ਦਾ ਮੂਲ ਮੰਤਰ 'ਸਭ ਕਾ ਸਾਥ ਸਭ ਕਾ ਵਿਕਾਸ' ਹੈ, ਜਿਸ ਦੇ ਜ਼ਰੀਏ ਨਾਲ ਅਸੀਂ ਗ਼ਰੀਬ, ਪੀੜਤ, ਸ਼ੋਸਤ, ਦਲਿਤ, ਆਦਿਵਾਸੀ ਅਤੇ ਓਬੀਸੀ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਰਾਖਵੇਂਕਰਨ 'ਤੇ ਸਵਾਲ ਉਠਾਉਣ ਵਾਲਿਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਲੋਕ ਰਾਖਵੇਂਕਰਨ 'ਤੇ ਸਵਾਲ ਉਠਾ ਰਹੇ ਹਨ, ਜਿਨ੍ਹਾਂ ਨੇ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਹਮੇਸ਼ਾਂ ਕੁਚਲਣ ਦਾ ਯਤਨ ਕੀਤਾ। 

ਉਨ੍ਹਾਂ ਕਿਹਾ ਕਿ ਚੋਣ ਤੋਂ ਪਹਿਲਾਂ ਕੁੱਝ ਲੋਕ ਜਨਤਾ ਦੇ ਵਿਚਕਾਰ ਇਹ ਭਰਮ ਫੈਲਾਉਣ ਦਾ ਯਤਨ ਕਰ ਰਹੇ ਹਨ ਕਿ ਰਾਖਵੇਂਕਰਨ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਅਜਿਹੇ ਲੋਕ ਗ਼ਰੀਬ ਜਨਤਾ ਦੇ ਵਿਚਕਾਰ ਬੇਭਰੋਸਗੀ ਦੀ ਖਾਈ ਪੈਦਾ ਕਰਨਾ ਚਾਹੁੰਦੇ ਹਨ ਪਰ ਭਾਰਤ ਦੀ ਜਨਤਾ ਸਮਝਦਾਰ ਹੈ, ਉਹ ਇਸ ਤਰ੍ਹਾਂ ਦੇ ਦੁਸ਼ਪ੍ਰਚਾਰ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਅਜਿਹੇ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਕਿ ਭਾਜਪਾ ਦੇ ਜ਼ਿਆਦਾਤਰ ਸਾਂਸਦ ਅਤੇ ਵਿਧਾਇਕ ਐਸਸੀ, ਐਸਟੀ ਅਤੇ ਓਬੀਸੀ ਤੋਂ ਆਉਂਦੇ ਹਨ।