ਜੰਮੂ-ਕਸ਼ਮੀਰ ਵਿਚ ਪਾਬੰਦੀਆਂ ਕਾਰਨ ਫਿੱਕਾ ਰਿਹਾ ਈਦ ਦਾ ਤਿਉਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੜਕਾਂ 'ਤੇ ਪਸਰਿਆ ਰਿਹਾ ਸੰਨਾਟਾ 

Eid-al-Adha prayers conclude peacefully in J&K

ਸ੍ਰੀਨਗਰ : ਕਸ਼ਮੀਰ ਘਾਟੀ ਵਿਚ ਸੋਮਵਾਰ ਦੀ ਸਵੇਰੇ ਮਸਜਿਦਾਂ ਵਿਚ ਈਦ-ਉਲ-ਅਜ਼ਹਾ ਦੀ ਨਮਾਜ਼ ਸ਼ਾਂਤੀਪੂਰਨ ਢੰਗ ਨਾਲ ਅਦਾ ਕੀਤੀ ਗਈ ਪਰ ਕਰਫ਼ੀਊ ਜਿਹੀਆਂ ਪਾਬੰਦੀਆਂ ਲਗੀਆਂ ਹੋਣ ਕਾਰਨ ਸੜਕਾਂ ਤੋਂ ਤਿਉਹਾਰ ਦੀ ਰੌਣਕ ਗ਼ਾਇਬ ਰਹੀ। ਪਾਬੰਦੀਆਂ ਕਾਰਨ ਲੋਕਾਂ ਨੇ ਨੇੜੇ-ਤੇੜੇ ਦੀਆਂ ਮਸਜਿਦਾਂ ਵਿਚ ਹੀ ਨਮਾਜ਼ ਅਦਾ ਕੀਤੀ ਕਿਉਂਕਿ ਸੁਰੱਖਿਆਂ ਬਲਾਂ ਦੀ ਸ਼ਹਿਰਾਂ ਅਤੇ ਪਿੰਡਾਂ ਵਿਚ ਤੈਨਾਤੀ ਹੈ। ਲੋਕਾਂ ਦੀ ਆਵਾਜਾਈ ਤੋਂ ਇਲਾਵਾ ਵੱਡੇ ਮੈਦਾਨਾਂ ਵਿਚ ਇਕੱਠੇ ਹੋਣ 'ਤੇ ਵੀ ਪਾਬੰਦੀ ਹੈ।

ਸਰਕਾਰੀ ਬੁਲਾਰੇ ਨੇ ਕਿਹਾ ਕਿ 90 ਫ਼ੀ ਸਦੀ ਥਾਵਾਂ 'ਤੇ ਈਦ ਦਾ ਜਸ਼ਨ ਮਨਾਇਆ ਗਿਆ ਪਰ ਜ਼ਮੀਨੀ ਰੀਪੋਰਟਾਂ ਦਸਦੀਆਂ ਹਨ ਕਿ ਤਿਉਹਾਰ ਦੀ ਰੌਣਕ ਬਹੁਤੀਆਂ ਸੜਕਾਂ ਤੋਂ ਨਦਾਰਦ ਰਹੀ। ਜੇ ਚੁੱਪ ਦੇ ਮਾਹੌਲ ਨੂੰ ਤੋੜਿਆ ਵੀ ਤਾਂ ਪੁਲਿਸ ਦੇ ਸਾਇਰਨ ਅਤੇ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਦੀ ਆਵਾਜ਼ ਨੇ। ਕਸ਼ਮੀਰੀਆਂ ਦੀ ਸਵੇਰ ਫ਼ੌਜੀਆਂ ਦੀ ਆਵਾਜ਼ ਨਾਲ ਹੋਈ ਜਿਹੜੇ ਉਨ੍ਹਾਂ ਨੂੰ ਘਰ ਅੰਦਰ ਰਹਿਣ ਲਈ ਕਹਿ ਰਹੇ ਸਨ। ਹਜਰਤਬਲ ਦਰਗਾਹ, ਟੀਆਰਸੀ ਮੈਦਾਨ ਅਤੇ ਸਈਅਦ ਸਾਹਿਬ ਮਸਜਿਦ ਦੀਆਂ ਈਦਗਾਹਾਂ ਵਿਚ ਵੀ ਸੰਨਾਟਾ ਸੀ।

ਖ਼ਬਰਾਂ ਹਨ ਕਿ ਪੰਜ ਅਗੱਸਤ ਨੂੰ ਹਿਰਾਸਤ ਵਿਚ ਲਏ ਗਏ ਆਗੂਆਂ ਜਿਵੇਂ ਉਮਰ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਨੇ ਡਲ ਝੀਲ ਕੰਢੇ ਸੈਂਟਰਲ ਹੋਟਲ ਵਿਚ ਨਮਾਜ਼ ਪੜ੍ਹੀ। ਇਹ ਆਗੂ ਇਸ ਵੇਲੇ ਇਸੇ ਹੋਟਲ ਵਿਚ ਰੱਖੇ ਗਏ ਹਨ। ਕਈ ਥਾਈਂ ਲੋਕ ਸੁਰੱਖਿਆ ਮੁਲਾਜ਼ਮਾਂ ਕੋਲੋਂ ਆਉਣ-ਜਾਣ ਦੀ ਆਗਿਆ ਮੰਗਦੇ ਵੀ ਵੇਖੇ ਗਏ। 

ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਜੰਮੂ ਕਸ਼ਮੀਰ ਵਿਚ ਲੋਕ ਨਮਾਜ਼ ਅਦਾ ਕਰਨ ਲਈ ਭਾਰੀ ਗਿਣਤੀ ਵਿਚ ਬਾਹਰ ਨਿਕਲੇ। ਸ੍ਰੀਨਗਰ ਅਤੇ ਸ਼ੋਪੀਆਂ ਵਿਚ ਪ੍ਰਮੁੱਖ ਮਸਜਿਦਾਂ ਵਿਚ ਨਮਾਜ਼ ਅਦਾ ਕੀਤੀ ਗਈ। ਪ੍ਰਸ਼ਾਸਨ ਨੇ ਸੋਮਵਾਰ ਨੂੰ ਕਿਹਾ ਸੀ ਕਿ ਲੋਕਾਂ ਨੂੰ ਨਮਾਜ਼ ਅਦਾ ਕਰਨ ਲਈ ਲਾਗਲੀਆਂ ਮਸਜਿਦਾਂ ਵਿਚ ਜਾਣ ਦੀ ਇਜਾਜ਼ਤ ਹੋਵੇਗੀ। 

ਜੰਮੂ ਕਸ਼ਮੀਰ ਪੁਲਿਸ ਨੇ ਟਵਿਟਰ 'ਤੇ ਕਿਹਾ, 'ਘਾਟੀ ਦੇ ਕਈ ਹਿੱਸਿਆਂ ਵਿਚ ਈਦ ਦੀ ਨਮਾਜ਼ ਸ਼ਾਂਤਮਈ ਢੰਗ ਨਾਲ ਅਦਾ ਕੀਤੀ ਗਈ। ਹੁਣ ਤਕ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ ਹੈ। ਖ਼ਬਰਾਂ ਮੁਤਾਬਕ ਅਧਿਕਾਰੀਆਂ ਨੇ ਵੱਖ ਵੱਖ ਮਸਜਿਦਾਂ ਵਿਚ ਮਠਿਆਈਆਂ ਵੀ ਵੰਡੀਆਂ। ਦਸਿਆ ਗਿਆ ਹੈ ਕਿ ਅਨੰਤਨਾਗ, ਬਾਰਾਮੂਲਾ, ਬੜਗਾਮ, ਬਾਂਦੀਪੁਰ ਵਿਚ ਬਿਨਾਂ ਕਿਸੇ ਮਾੜੀ ਘਟਨਾ ਸਾਰੀਆਂ ਮਸਜਿਦਾਂ ਵਿਚ ਸ਼ਾਂਤਮਈ ਢੰਗ ਨਾਲਈਦ ਦੀ ਨਮਾਜ਼ ਅਦਾ ਕੀਤੀ ਗਈ। 

ਬੁਲਾਰੇ ਮੁਤਾਬਕ ਜੰਮੂ ਦੀ ਈਦਗਾਹ ਵਿਚ 4500 ਤੋਂ ਵੱਧ ਲੋਕਾਂ ਨੇ ਨਮਾਜ਼ ਅਦਾ ਕੀਤੀ। ਈਦ ਮੌਕੇ ਘਾਟੀ ਵਿਚ ਪਾਬੰਦੀਆਂ ਤੋਂ ਛੋਟ ਦਿਤੀ ਗਈ ਸੀ ਤਾਕਿ ਲੋਕ ਤਿਉਹਾਰ ਵਿਚ ਖ਼ਰੀਦਦਾਰੀ ਕਰ ਸਕਣ। ਖ਼ਬਰਾਂ ਮੁਤਾਬਕ ਕੁੱਝ ਥਾਵਾਂ 'ਤੇ ਵਿਰੋਧ ਦੀਆਂ ਮਾਮੂਲੀ ਘਟਨਾਵਾਂ ਵਾਪਰੀਆਂ। ਕਿਹਾ ਗਿਆ ਹੈ ਕਿ ਮੀਡੀਆ ਵਿਚ ਸੁਰੱਖਿਆ ਬਲਾਂ ਦੁਆਰਾ ਗੋਲੀਬਾਰੀ ਅਤੇ ਕੁੱਝ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਹਨ। ਉਧਰ, ਬੁਲਾਰੇ ਨੇ ਕਿਹਾ ਕਿ ਰਾਜ ਵਿਚ ਗੋਲੀਬਾਰੀ ਦੀ ਕੋਈ ਘਟਨਾ ਨਹੀਂ ਵਾਪਰੀ। ਸੁਰੱਖਿਆ ਬਲਾਂ ਨੇ ਨਾ ਤਾਂ ਕੋਈ ਗੋਲੀ ਚਲਾਈ ਅਤੇ ਨਾ ਹੀ ਕੋਈ ਜ਼ਖ਼ਮੀ ਹੋਇਆ।