ਚੰਡੀਗੜ੍ਹ-ਮਨਾਲੀ ਹਾਈਵੇ 'ਤੇ ਪਹਾੜੀ ਤੋਂ ਪੱਥਰ ਡਿੱਗਣ ਨਾਲ ਮਾਸੂਮ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਂ-ਪਿਓ-ਭੈਣ ਗੰਭੀਰ ਜ਼ਖ਼ਮੀ

photo

 

ਸ਼ਿਮਲਾ : ਹਿਮਾਚਲ ਪ੍ਰਦੇਸ਼ 'ਚ ਬੀਤੀ ਰਾਤ ਤੋਂ ਕਈ ਥਾਵਾਂ 'ਤੇ ਭਾਰੀ ਮੀਂਹ ਜਾਰੀ ਹੈ। ਇਸ ਕਾਰਨ ਨਦੀਆਂ-ਨਾਲਿਆਂ 'ਚ ਮੁੜ ਹਲਚਲ ਆ ਗਈ ਹੈ। ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਚਾਰ ਮਾਰਗੀ ਸਮੇਤ ਹੋਰ ਸੰਪਰਕ ਮਾਰਗ ਬੰਦ ਹੋ ਗਏ ਹਨ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ 'ਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 'ਤੇ ਬੀਤੀ ਰਾਤ ਨੂੰ ਕਾਰ 'ਤੇ ਪੱਥਰ ਡਿੱਗਣ ਕਾਰਨ 5 ਸਾਲਾ ਬੱਚੇ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਇਟਲੀ 'ਚ ਕੰਮ ਕਰਦੇ ਸਮੇਂ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਪੰਜਾਬੀ ਦੀ ਹੋਈ ਮੌਤ

ਮੌਤ ਦੇ ਇਸ ਹਾਈਵੇਅ 'ਤੇ ਲਗਾਤਾਰ ਪੱਥਰ ਡਿੱਗ ਰਹੇ ਹਨ ਅਤੇ ਇਸ ਵਾਰ ਇਕ ਪਰਿਵਾਰ ਇਸ ਦੀ ਲਪੇਟ 'ਚ ਆ ਗਿਆ ਹੈ। ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ਦਾ ਰਹਿਣ ਵਾਲਾ ਇਹ ਪਰਿਵਾਰ ਕੁੱਲੂ ਤੋਂ ਸੁੰਦਰਨਗਰ ਸਥਿਤ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਪਹਾੜੀ ਤੋਂ ਪੱਥਰ ਡਿੱਗਣੇ ਸ਼ੁਰੂ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: ਤਰਨਤਾਰਨ 'ਚ ਪੁਲਿਸ ਅਤੇ ਨਸ਼ਾ ਤਸਕਰਾਂ ਦਰਮਿਆਨ ਹੋਈ ਮੁਠਭੇੜ, ਇਕ ਨਸ਼ਾ ਤਸਕਰ ਢੇਰ 

ਜਾਣਕਾਰੀ ਮੁਤਾਬਕ ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ਦਾ ਰਹਿਣ ਵਾਲਾ ਪ੍ਰਸ਼ਾਂਤ ਕੁੱਲੂ 'ਚ ਕੰਮ ਕਰਦਾ ਹੈ। ਦੋ ਦਿਨ ਦੀ ਛੁੱਟੀ ਸੀ, ਇਸ ਲਈ ਸਾਰਾ ਪ੍ਰਵਾਰ ਸ਼ੁੱਕਰਵਾਰ ਸ਼ਾਮ ਨੂੰ ਘਰ ਜਾ ਰਹੇ ਸਨ। ਇਸ ਦੌਰਾਨ ਸ਼ੁੱਕਰਵਾਰ ਦੇਰ ਸ਼ਾਮ ਨੂੰ ਅਚਾਨਕ ਪਹਾੜੀ ਤੋਂ ਪੱਥਰਾਂ ਦੀ ਵਰਖਾ ਹੋ ਗਈ, ਜਿਸ ਦੀ ਲਪੇਟ 'ਚ ਉਨ੍ਹਾਂ ਦੀ ਆਲਟੋ ਕਾਰ ਆ ਗਈ। ਕਾਰ ਵਿਚ ਉਸਦਾ ਪੂਰਾ ਪਰਿਵਾਰ ਸਵਾਰ ਸੀ। ਜਿਸ 'ਚ ਉਸ ਦਾ ਬੇਟਾ ਚਿਨਮਯ ਮਾਰਿਆ ਗਿਆ, ਜਦਕਿ ਉਨ੍ਹਾਂ ਦੀ ਪਤਨੀ-ਧੀ ਅਤੇ ਉਹ ਖੁਦ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਜ਼ੋਨਲ ਹਸਪਤਾਲ ਮੰਡੀ ਲਿਆਂਦਾ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।  ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਕਾਂਗੜਾ, ਚੰਬਾ, ਹਮੀਰਪੁਰ, ਬਿਲਾਸਪੁਰ, ਮੰਡੀ, ਕੁੱਲੂ, ਸੋਲਨ ਅਤੇ ਸ਼ਿਮਲਾ ਜ਼ਿਲ੍ਹਿਆਂ ਵਿਚ 13 ਅਗਸਤ ਤੱਕ ਅਚਾਨਕ ਹੜ੍ਹਾਂ ਦੀ ਤਾਜ਼ਾ ਬੁਲੇਟਿਨ ਚੇਤਾਵਨੀ ਜਾਰੀ ਕੀਤੀ ਹੈ।