ਮੀ ਟੂ ਮਾਮਲਿਆਂ ਦੀ ਜਾਂਚ ਲਈ ਬਣਾਈ ਜਾਵੇਗੀ 4 ਮੈਂਬਰੀ ਕਮੇਟੀ : ਮੇਨਕਾ ਗਾਂਧੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮਹਿਲਾ ਅਤੇ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਸੇਵਾਮੁਕਤ ਜੱਜ ਦੀ ਅਗਵਾਈ ਅਧੀਨ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ

Maneka Gandhi On Me Too

ਨਵੀਂ ਦਿੱਲੀ, ( ਪੀਟੀਆਈ) : ਸਰਕਾਰ ਨੇ ਮੀ ਟੂ ਮੁਹਿੰਮ ਅਧੀਨ ਸਾਹਮਣੇ ਆ ਰਹੇ ਮਾਮਲਿਆਂ ਦੀ ਜਾਂਚ ਕਰਾਉਣ ਦਾ ਫੈਸਲਾ ਲਿਆ ਹੈ। ਕੇਂਦਰੀ ਮਹਿਲਾ ਅਤੇ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਸੇਵਾਮੁਕਤ ਜੱਜ ਦੀ ਅਗਵਾਈ ਅਧੀਨ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਇਸ ਸਬੰਧੀ ਆਉਣ ਵਾਲੇ ਮਾਮਲਿਆਂ ਦੀ ਜਾਂਚ ਕਰੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਅਜਿਹੀ ਹਰ ਸ਼ਿਕਾਇਤ ਤੇ ਪਿੱਛੇ ਦੇ ਦਰਦ ਤੇ ਭਰੋਸਾ ਕਰਦੀ  ਹੈ ਅਤੇ ਉਨਾਂ ਸਾਰੇ ਮਾਮਲਿਆਂ ਤੇ ਯਕੀਨ ਕਰਦੀ ਹੈ।

ਉਨਾਂ ਦਸਿਆ ਕਿ ਮੀ ਟੂ ਮੁਹਿੰਮ ਅਧੀਨ ਆਉਣ ਵਾਲੇ ਸਾਰੇ ਮਾਮਲਿਆਂ ਦੀ ਜਾਂਚ ਲਈ ਮੈਂ ਇੱਕ ਕਮੇਟੀ ਬਣਾਉਣ ਦਾ ਸੁਝਾਅ ਦਿਤਾ ਹੈ ਜਿਸ ਵਿਚ ਸੀਨੀਅਰ ਜੁਡੀਸ਼ੀਅਲ ਅਧਿਕਾਰੀ ਅਤੇ ਕਾਨੂੰਨੀ ਮਾਹਿਰ ਸ਼ਾਮਿਲ ਹੋਣਗੇ। ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਨਾਲ ਸਬੰਧਤ ਸਾਰੇ ਤਰੀਕੇ ਅਤੇ ਇਸ ਨਾਲ ਜੁੜੇ ਕਾਨੂੰਨੀ ਅਤੇ ਸੰਸਥਾਗਤ ਫਰੇਮਵਰਕ ਨੂੰ ਤਿਆਰ ਕਰਨ ਵਿਚ ਇਹ ਕਮੇਟੀ ਮਦਦ ਕਰੇਗੀ। ਬਹੁਤ ਸਾਰੀਆਂ ਔਰਤਾਂ ਮੀ ਟੂ ਮੁਹਿੰਮ ਅਧੀਨ ਸੋਸ਼ਲ ਮੀਡੀਆ ਤੇ ਅਪਣੇ ਨਾਲ ਹੋਏ ਅਨੁਭਵਾਂ ਬਾਰੇ ਲਿਖ ਰਹੀਆਂ ਹਨ।

ਇਸ ਤੋਂ ਪਹਿਲਾਂ ਮੇਨਕਾ ਗਾਂਧੀ ਨੇ ਕਿਹਾ ਸੀ ਕਿ ਕਿਸੀ ਦੇ ਵੀ ਵਿਰੁਧ ਲਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਇਹ ਗੱਲ ਉਨਾਂ ਨੇ ਉਸ ਵੇਲੇ ਕਹੀ ਸੀ ਜਦੋਂ ਕੇਂਦਰੀ ਮੰਤਰੀ ਐਮਜੇ ਅਕਬਰ ਤੇ ਲਗੇ ਦੋਸ਼ਾਂ ਬਾਰੇ ਉਨਾਂ ਤੋਂ ਸਵਾਲ ਪੁੱਛਿਆ ਗਿਆ ਸੀ। ਗਾਂਧੀ ਨੇ ਕਿਹਾ ਕਿ ਤਾਕਤਵਰ ਹੋਣ ਤੋਂ ਬਾਅਦ ਪੁਰਸ਼ ਆਮ ਤੌਰ ਤੇ ਅਜਿਹਾ ਕਰਦੇ ਹਨ। ਇਹ ਮੀਡੀਆ ਦੇ ਨਾਲ ਰਾਜਨੀਤੀ ਅਤੇ ਨਿਜੀ ਕੰਪਨੀਆਂ ਤੇ ਵੀ ਲਾਗੂ ਹੁੰਦਾ ਹੈ। ਜਦ ਔਰਤਾਂ ਨੇ ਇਸ ਤੇ ਖੁੱਲ ਕੇ ਬੋਲਣਾ ਸ਼ੁਰੂ ਕਰ ਦਿਤਾ ਹੈ

ਤਾਂ ਦੋਸ਼ੀਆਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਉਥੇ ਹੀ ਸੱਤਾਧਾਰੀ ਪਾਰਟੀ ਭਾਜਪਾ ਵਿਚ ਮੀ ਟੂ ਮੁਹਿੰਮ ਲਈ ਸਮਰਥਨ ਵੱਧਦਾ ਜਾ ਰਿਹਾ ਹੈ। ਮੇਨਕਾ ਗਾਂਧੀ ਤੋਂ ਬਾਅਦ ਅਪਣੇ ਬਿਆਨਾਂ ਦੇ ਲਈ ਵਿਵਾਦਾਂ ਵਿਚ ਰਹਿਣ ਵਾਲੇ ਭਾਜਪਾ ਨੇਤਾ ਅਤੇ ਰਾਜ ਸਭਾ ਸੰਸਦੀ ਮੰਤਰੀ ਸੁਬਰਾਮਨੀਅਮ ਸਵਾਮੀ ਨੇ ਵੀ ਇਸ ਮੁਹਿੰਮ ਪ੍ਰਤੀ ਸਮਰਥਨ ਪ੍ਰਗਟ ਕੀਤਾ ਹੈ।

ਸਵਾਮੀ ਤੋਂ ਜਦੋਂ ਐਮਜੇ ਅਕਬਰ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨਾਂ ਕਿਹਾ ਕਿ ਉਨਾਂ ਤੇ ਲਗੇ ਦੋਸ਼ ਕਿਸੇ ਇਕ ਔਰਤ ਨੇ ਨਹੀਂ ਸਗੋਂ ਕਈ ਔਰਤਾਂ ਨੇ ਲਗਾਏ ਹਨ। ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਮੈਂ ਮੀ ਟੂ ਮੁਹਿੰਮ ਦਾ ਸਮਰਥਨ ਕਰਦਾ ਹਾਂ। ਮੈਨੂੰ ਨਹੀਂ ਲਗਦਾ ਕਿ ਜੇਕਰ ਔਰਤਾਂ ਲੰਮੇ ਸਮੇਂ ਤੋਂ ਬਾਅਦ ਸਾਹਮਣੇ ਆ ਰਹੀਆਂ ਹਨ ਤਾਂ ਇਸ ਵਿਚ ਕੋਈ ਬੁਰਾਈ ਹੈ। ਪੀਐਮ ਮੋਦੀ ਨੂੰ ਵੀ ਇਸ ਮੁੱਦੇ ਤੇ ਅਪਣਾ ਪੱਖ ਸਪਸ਼ੱਟ ਕਰਨਾ ਚਾਹੀਦਾ ਹੈ।