ਦੇਸ਼ ਦਾ ਪਹਿਲਾ ਇਨਲੈਂਡ ਵਾਟਰਵੇਅ ਟਰਮੀਨਲ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੌਦੀ ਨੇ ਰਾਮਨਗਰ ਸਥਿਤ ਗੰਗਾ ਤੱਟ ਦੇ ਨੈਸ਼ਨਲ ਵਾਟਰਵੇਅ-1 ਦੇ ਮਲਟੀ ਮਾਡਲ ਟਰਮੀਨਲ ਦੀ ਸ਼ੁਰੂਆਤ ਕੀਤੀ।

Pm Modi Inaugurating multi-modal terminal

ਵਾਰਾਣਸੀ , ( ਭਾਸ਼ਾ ) : ਪ੍ਰਧਾਨ ਮੰਤਰੀ ਨਰਿੰਦਰ ਮੌਦੀ ਨੇ ਰਾਮਨਗਰ ਸਥਿਤ ਗੰਗਾ ਤੱਟ ਦੇ ਨੈਸ਼ਨਲ ਵਾਟਰਵੇਅ-1 ਦੇ ਮਲਟੀ ਮਾਡਲ ਟਰਮੀਨਲ ਦੀ ਸ਼ੁਰੂਆਤ ਕੀਤੀ। ਇਹ ਦੇਸ਼ ਦਾ ਪਹਿਲਾ ਇਨਲੈਂਡ ਵਾਟਰਵੇਅ ( ਨਦੀ ਮਾਰਗ) ਟਰਮੀਨਲ ਹੈ। ਇਸ ਦੌਰਾਨ ਮੋਦੀ ਨੇ ਕਿਹਾ ਕਿ ਵਾਰਾਣਸੀ ਅਤੇ ਦੇਸ਼ ਵਿਕਾਸ ਦੇ ਉਸ ਕੰਮ ਦਾ ਗਵਾਹ ਬਣਿਆ ਹੈ ਜੋ ਦਹਾਕਿਆਂ ਪਹਿਲਾਂ ਹੋਣਾ ਜ਼ਰੂਰੀ ਸੀ। ਅੱਜ ਦੇਸ਼ ਨੈਕਸਟ ਜਨਰੇਸ਼ਨ ਇਨਫਰਾਸਟਰਕਚਰ ਦੇ ਸੰਕਲਪ ਦਾ ਗਵਾਹ ਬਣਿਆ ਹੈ।

ਇਸ ਦੇ ਨਾਲ ਹੀ ਪਾਣੀ, ਧਰਤੀ ਤੇ ਅਸਮਾਨ ਤਿੰਨਾਂ ਨੂੰ ਜੋੜਨ ਵਾਲੀ ਨਵੀਂ ਊਰਜਾ ਦਾ ਸੰਚਾਰ ਹੋਇਆ ਹੈ। ਮਲਟੀ ਮਾਡਰਨ ਟਰਮੀਨਲ ਤੋਂ ਜਦ ਰੋ-ਰੋ ਸੇਵਾ ਸ਼ੁਰੂ ਹੋਵੇਗੀ ਤਾਂ ਲੰਮੀ ਦੂਰੀ ਪੂਰੀ ਕਰਨ ਲਈ ਇਕ ਨਵਾਂ ਵਿਕਲਪ ਮਿਲੇਗਾ। ਜਿਨ੍ਹਾਂ ਸਮਾਨ ਇਸ ਜਹਾਜ ਤੋਂ ਆਇਆ ਹੈ ਜੇਕਰ ਸੜਕ ਮਾਰਗ ਰਾਹੀ ਲਿਆਇਆ ਜਾਂਦਾ ਤਾਂ 16 ਟਰੱਕ ਲਗਦੇ। ਜਲ ਮਾਰਗ ਤੋਂ ਲਿਆਉਣ ਨਾਲ ਪ੍ਰਤੀ ਕੰਟੇਨਰ ਲਗਭਗ ਸਾਢੇ ਚਾਰ ਹਜ਼ਾਰ ਰੁਪਏ ਦੀ ਬਚਤ ਹੋਈ ਹੈ। 70-75 ਹਜ਼ਾਰ ਰੁਪਏ ਸਿੱਧੇ ਤੌਰ ਤੇ ਬਚ ਗਏ ਹਨ।

ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿਚ 100 ਤੋਂ ਵੱਧ ਨੈਸ਼ਨਲ ਵਾਟਰਵੇਅ ਤੇ ਕੰਮ ਹੋ ਰਿਹਾ ਹੈ। ਵਾਰਾਣਸੀ-ਹਲਦੀਆ ਉਨ੍ਹਾਂ ਵਿਚੋਂ ਇਕ ਹੈ। 5 ਹਜ਼ਾਰ ਕਰੋੜ ਰੁਪਏ ਤੋਂ ਵੱਧ ਖਰਚ ਕਰਕੇ ਇਸ ਰਾਹ ਵਿਚ ਸਹੂਲਤਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ। ਇਹ ਜਲਮਾਰਗ ਸਾਮਾਨ ਦੀ ਢੁਲਾਈ ਦੇ ਨਾਲ ਹੀ ਦੇਸ਼ ਦੇ ਟੂਰਿਜ਼ਮ ਨੂੰ, ਸਾਡੇ ਤੀਰਥਾਂ ਨੂੰ ਅਤੇ ਪੂਰਬੀ ਏਸ਼ੀਆਈ ਦੇਸ਼ਾਂ ਨੂੰ ਜੋੜਨ ਦਾ ਕੰਮ ਵੀ ਕਰੇਗਾ। ਨੈਸ਼ਨਲ ਵਾਟਰਵੇਅ-1 ਚਾਰ ਰਾਜਾਂ ਉਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਤੋਂ ਲੰਘੇਗਾ।

ਇਸ ਵਿਚ ਕੋਲਕਾਤਾ, ਪਟਨਾ, ਹਾਵੜਾ, ਇਲਾਹਾਬਾਦ ਅਤੇ ਵਾਰਾਣਸੀ ਜਿਹੇ ਸ਼ਹਿਰ ਜਲਮਾਰਗ ਨਾਲ ਜੁੜਨਗੇ। ਵਾਟਰਵੇਅ-1 ਤੇ ਚਾਰ ਮਲਟੀ ਮਾਡਲ ਟਰਮੀਨਲ -ਵਾਰਾਣਸੀ, ਸਾਹਿਬਗੰਜ, ਗਾਜੀਪੁਰ ਅਤੇ ਹਲਦੀਆ ਬਣਾਏ ਗਏ ਹਨ। ਜਲਮਾਰਗ ਤੇ 1500 ਤੋਂ 2000 ਮੀਟ੍ਰਕ ਟਨ ਦੀ ਸਮਰੱਥਾ ਵਾਲੇ ਜਹਾਜ਼ਾਂ ਨੂੰ ਚਲਾਉਣ ਲਈ ਕੈਪਿਟਲ ਡਰੇਜਿੰਗ ਰਾਹੀ 45 ਮੀਟਰ ਚੌੜਾ ਗੰਗਾ ਚੈਨਲ ਤਿਆਰ ਕੀਤਾ ਗਿਆ ਹੈ। ਪਹਿਲਾ ਵਾਟਰਵੇਅ ਤਿਆਰ ਕਰਨ ਦਾ ਜ਼ਿਮ੍ਹਾ ਇਨਲੈਂਡ ਵਾਟਰਵੇਅ ਅਥਾਰਿਟੀ ਆਫ ਇੰਡੀਆ ਨੂੰ ਸੌਂਪਿਆ ਗਿਆ।