Uttarkashi Tunnel Collapse : ਉੱਤਰਕਾਸ਼ੀ 'ਚ ਯਮੁਨੋਤਰੀ ਰਾਸ਼ਟਰੀ ਰਾਜਮਾਰਗ 'ਤੇ ਨਿਰਮਾਣ ਅਧੀਨ ਸੁਰੰਗ ਟੁੱਟੀ, 40 ਮਜ਼ਦੂਰ ਫਸੇ
ਹਾਦਸਾ ਸਵੇਰੇ 4 ਵਜੇ ਦੇ ਕਰੀਬ ਸਿਲਕਿਆਰਾ ਵਲ ਜਾਂਦੇ ਸਮੇਂ ਵਾਪਰਿਆ
Uttarkashi Tunnel Collapse : ਉਤਰਕਾਸ਼ੀ ਜ਼ਿਲ੍ਹੇ ਵਿਚ ਬ੍ਰਹਮਾਖਲ-ਯਮੁਨੋਤਰੀ ਰਾਸ਼ਟਰੀ ਰਾਜਮਾਰਗ 'ਤੇ ਸਿਲਕਿਆਰਾ ਤੋਂ ਡੰਡਾਲਗਾਓਂ ਦੇ ਵਿਚਕਾਰ ਨਿਰਮਾਣ ਅਧੀਨ ਸੁਰੰਗ ਦਾ ਇਕ ਹਿੱਸਾ ਐਤਵਾਰ ਤੜਕੇ ਅਚਾਨਕ ਟੁੱਟ ਗਿਆ, ਜਿਸ ਕਾਰਨ ਇਸ ਵਿਚ ਕੰਮ ਕਰ ਰਹੇ ਕਰੀਬ 40 ਮਜ਼ਦੂਰ ਅੰਦਰ ਹੀ ਫਸ ਗਏ।
ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਸਿਲਕਿਆਰਾ ਵਲ ਜਾਂਦਿਆਂ ਉਸ ਸਮੇਂ ਵਾਪਰਿਆ ਜਦੋਂ ਸਾਢੇ ਚਾਰ ਕਿਲੋਮੀਟਰ ਲੰਮੀ ਉਸਾਰੀ ਅਧੀਨ ਸੁਰੰਗ ਦਾ ਕਰੀਬ 150 ਮੀਟਰ ਹਿੱਸਾ ਢਹਿ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਉੱਤਰਕਾਸ਼ੀ ਦੇ ਐਸ.ਪੀ. ਅਰਪਨ ਯਦੁਵੰਸ਼ੀ ਨੇ ਤੁਰਤ ਮੌਕੇ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜਾਂ ਦਾ ਜ਼ਿੰਮਾ ਸੰਭਾਲ ਲਿਆ।
ਪੁਲਿਸ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ, ਫਾਇਰ ਬ੍ਰਿਗੇਡ, ਐਮਰਜੈਂਸੀ 108 ਅਤੇ ਸੁਰੰਗ ਦਾ ਨਿਰਮਾਣ ਕਰਵਾ ਰਹੀ ਸੰਸਥਾ ਨੈਸ਼ਨਲ ਹਾਈਵੇਜ਼ ਐਂਡ ਇਨਫਰਾਸਟਰੱਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਐਨ.ਐਚ.ਆਈ.ਡੀ.ਸੀ.ਐਲ.) ਦੇ ਕਰਮਚਾਰੀ ਵੀ ਮੌਕੇ 'ਤੇ ਸੁਰੰਗ ਨੂੰ ਖੋਲ੍ਹਣ ’ਚ ਰੁੱਝੇ ਹੋਏ ਹਨ।
ਚਾਰਧਾਮ ਰੋਡ ਪ੍ਰਾਜੈਕਟ ਦੇ ਤਹਿਤ ਇਸ ਹਰ ਮੌਸਮ ਲਈ ਅਨੁਕੂਲ ਸੁਰੰਗ ਦੇ ਨਿਰਮਾਣ ਨਾਲ ਉੱਤਰਕਾਸ਼ੀ ਤੋਂ ਯਮੁਨੋਤਰੀ ਧਾਮ ਤਕ ਦਾ ਸਫਰ 26 ਕਿਲੋਮੀਟਰ ਘੱਟ ਜਾਵੇਗਾ।
(For more news apart from Uttarkashi Tunnel Collapse, stay tuned to Rozana Spokesman)