ਸ਼ਕਤੀਕਾਂਤ ਦਾਸ ਬਣੇ ਆਰਬੀਆਈ ਦੇ ਨਵੇਂ ਗਵਰਨਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਾਸ ਇਕ ਸੀਨੀਅਰ ਅਤੇ ਤਜ਼ੁਰਬੇਕਾਰ ਅਧਿਕਾਰੀ ਹਨ। ਉਹਨਾਂ ਦੀ ਕੰਮਕਾਜੀ ਜਿੰਦਗੀ ਦੇਸ਼ ਦੇ ਆਰਥਿਕ ਅਤੇ ਵਿੱਤੀ ਪ੍ਰਬੰਧਨ ਵਿਚ ਲੰਘੀ ਹੈ।

Shaktikanta Das

ਨਵੀਂ ਦਿੱਲੀ, (ਪੀਟੀਆਈ) : ਆਰਥਿਕ ਮਾਮਲਿਆਂ ਦੇ ਸਾਬਕਾ ਸਕੱਤਰ ਸ਼ਕਤੀਕਾਂਤ ਦਾਸ ਨੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਇਸ ਸੰਸਥਾ ਦੇ ਭਰੋਸੇ ਅਤੇ ਖੁਦਮੁਖਤਿਆਰੀ ਨੂੰ ਕਾਇਮ ਰੱਖ ਸਕਣ। ਉਹਨਾਂ ਕਿਹਾ ਕਿ ਮੈਂ ਸਾਰਿਆਂ ਦੇ ਨਾਲ ਕੰਮ ਕਰਨ ਅਤੇ ਭਾਰਤੀ ਅਰਥ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਵਿਸ਼ੇਸ਼ ਕੋਸ਼ਿਸ਼ਾਂ ਕਰਾਂਗਾ। ਦਾਸ ਨੇ ਉਰਜਿਤ ਪਟੇਲ ਦੀ ਥਾਂ 'ਤੇ ਅਹੁਦਾ ਸੰਭਾਲਿਆ ਹੈ। ਪਟੇਲ ਨੇ ਨਿਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ।

ਦਾਸ ਵੱਲੋਂ 13 ਦਸੰਬਰ ਨੂੰ ਜਨਤਕ ਖੇਤਰਾਂ ਦੇ ਬੈਂਕਾ ਦੇ ਸੀਈਓ ਅਤੇ ਐਮਡੀ ਦੀ ਬੈਠਕ ਬੁਲਾਈ ਹੈ। ਉਹਨਾਂ ਕਿਹਾ ਕਿ ਬੈਕਿੰਗ ਸਾਡੀ ਅਰਥਵਿਵਸਥਾ ਵਿਚ ਬਹੁਤ ਅਹਿਮ ਹੈ ਅਤੇ ਉਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਚੁਣੌਤੀਆਂ ਨੂੰ ਨਿਪਟਾਉਣ ਦੀ ਲੋੜ ਹੈ। ਦਾਸ ਮੁਤਾਬਕ ਬੈਕਿੰਗ ਉਹ ਖੇਤਰ ਹੈ ਜਿਸ 'ਤੇ ਮੈਂ ਤੁਰਤ ਧਿਆਨ ਦੇਣਾ ਚਾਹੁੰਦਾ ਹਾਂ। ਕੇਂਦਰ ਅਤੇ ਆਰਬੀਆਈ ਦੇ ਸਬੰਧਾਂ 'ਤੇ ਦਾਸ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਰਿਸ਼ਤਾ ਵਧੀਆ ਹੈ ਜਾਂ ਨਹੀਂ ਪਰ ਸਾਨੂੰ ਹਿੱਤਧਾਰਕਾਂ ਤੋਂ ਸਲਾਹ ਲੈਣੀ ਹੋਵੇਗੀ। ਸਰਕਾਰ ਕੇਵਲ ਇਕ ਹਿੱਤਧਾਰਕ ਹੀ ਨਹੀਂ ਹੈ

ਸਗੋਂ ਦੇਸ਼ ਨੂੰ ਚਲਾਉਣ ਦੀ ਜਿੰਮ੍ਹੇਵਾਰੀ ਅਤੇ ਮਹੱਤਵਪੂਰਨ ਨੀਤੀਆਂ ਨੂੰ ਬਣਾਉਣ ਦਾ ਕੰਮ ਵੀ ਸਰਕਾਰ ਦਾ ਹੈ। ਉਰਜਿਤ ਪਟੇਲ ਸਾਲ 1990 ਤੋਂ ਬਾਅਦ ਪਹਿਲੇ ਅਜਿਹੇ ਗਰਵਰਨ ਸਨ ਜਿਹਨਾਂ ਨੇ ਅਪਣਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿਤਾ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਦਾਸ ਇਕ ਸੀਨੀਅਰ ਅਤੇ ਤਜ਼ੁਰਬੇਕਾਰ ਅਧਿਕਾਰੀ ਹਨ। ਉਹਨਾਂ ਦੀ ਕੰਮਕਾਜੀ ਜਿੰਦਗੀ ਦੇਸ਼ ਦੇ ਆਰਥਿਕ ਅਤੇ ਵਿੱਤੀ ਪ੍ਰਬੰਧਨ ਵਿਚ ਲੰਘੀ ਹੈ।

ਚਾਹੇ ਉਹ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਵਿਚ ਕੰਮ ਕਰਦੇ ਹੋਣ ਜਾਂ ਤਾਮਿਲਨਾਡੂ ਵਿਚ ਰਾਜ ਸਰਕਾਰ ਦੇ ਨਾਲ। ਸ਼ਕਤੀਕਾਂਤ ਦਾਸ ਤਾਮਿਲਨਾਜੂ ਕੈਡਰ ਤੋਂ ਸਾਬਕਾ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਹਨ। ਉਹ ਆਰਬੀਆਈ ਦੇ 25ਵੇਂ ਗਵਰਨਰ ਚੁਣੇ ਗਏ ਹਨ। ਜੇਟਲੀ ਨੇ ਕਿਹਾ ਕਿ ਪਟੇਲ ਦੇ ਅਸਤੀਫੇ ਤੋਂ ਬਾਅਦ ਉਹਨਾਂ ਦੀ ਚੋਣ ਜ਼ਰੂਰੀ ਸੀ। ਉਹਨਾਂ ਮੁਤਾਬਕ ਦਾਸ ਇਸ ਅਹੁਦੇ ਲਈ ਉਚਿਤ ਸ਼ਖਸ ਹਨ। ਉਹ ਬਹੁਤ ਹੀ ਪੇਸ਼ੇਵਰ ਹਨ ਅਤੇ ਕਈ ਸਰਕਾਰਾਂ ਨਾਲ ਕੰਮ ਕਰ ਚੁੱਕੇ ਹਨ।