ਆਸਾਮ ਦੇ ਲੋਕ ਬੇਫ਼ਿਕਰ ਰਹਿਣ, ਕੋਈ ਤੁਹਾਡੇ ਹੱਕ ਨਹੀਂ ਖੋਹ ਸਕਦਾ: ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਉਹ ਆਸਾਮ ਦੇ ਆਪਣੇ ਭਰਾਵਾਂ ਤੇ ਭੈਣਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਨਾਗਰਿਕਤਾ ਸੋਧ ...
ਨਵੀਂ ਦਿੱਲੀ- ਨਾਗਰਿਕਤਾ ਸੋਧ ਬਿਲ ਵਿਰੁੱਧ ਕੱਲ੍ਹ ਬੁੱਧਵਾਰ ਨੂੰ ਉੱਤਰ–ਪੂਰਬੀ ਭਾਰਤ ’ਚ ਰੋਹ ਭਰਪੂਰ ਪ੍ਰਦਰਸ਼ਨ ਹੋਣ ਲੱਗ ਪਏ। ਆਸਾਮ, ਤ੍ਰਿਪੁਰਾ, ਮਨੀਪੁਰ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼ ਤੇ ਮੇਘਾਲਿਆ ਸੂਬਿਆਂ ਵਿਚ ਵੱਡੀ ਗਿਣਤੀ ’ਚ ਲੋਕ ਸੜਕਾਂ ’ਤੇ ਉੱਤਰ ਆਏ ਅਤੇ ਰੋਸ ਮੁਜ਼ਾਹਰੇ ਕਰਨ ਲੱਗ ਪਏ ਹਨ। ਕਈ ਥਾਵਾਂ ’ਤੇ ਅੱਗ ਲਾਉਣ ਤੇ ਤੋੜ–ਭੰਨ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।
ਉੱਥੇ ਹੀ ਇਸ ਸਭ ਦੇ ਚਲਦੇ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਉਹ ਆਸਾਮ ਦੇ ਆਪਣੇ ਭਰਾਵਾਂ ਤੇ ਭੈਣਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਨਾਗਰਿਕਤਾ ਸੋਧ ਬਿਲ ਦੇ ਪਾਸ ਹੋਣ ਤੋਂ ਬਾਅਦ ਉਨ੍ਹਾਂ ਨੂੰ ਫ਼ਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।ਮੋਦੀ ਨੇ ਅੱਗੇ ਕਿਹਾ ਕਿ ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਕੋਈ ਵੀ ਤੁਹਾਡੇ ਅਧਿਕਾਰਾਂ, ਤੁਹਾਡੀ ਵਿਲੱਖਣ ਪਛਾਣ ਤੇ ਸੁੰਦਰ ਸਭਿਆਚਾਰ ਨੂੰ ਤੁਹਾਡੇ ਤੋਂ ਖੋਹ ਨਹੀਂ ਸਕਦਾ। ਇਹ ਅੱਗੇ ਵਧਦਾ ਤੇ ਵਿਕਸਤ ਹੁੰਦਾ ਰਹੇਗਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਮੈਂ ਆਸਾਮ ਵਾਸੀਆਂ ਦੇ ਸਿਆਸੀ, ਭਾਸ਼ਾਈ, ਸੱਭਿਆਚਾਰਕ ਤੇ ਭੂਮੀ–ਅਧਿਕਾਰਾਂ ਨੂੰ ਸੰਵਿਧਾਨਕ ਤੌਰ ’ਤੇ ਸੁਰੱਖਿਅਤ ਰੱਖਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹਾਂ। ਇਸ ਤੋਂ ਪਹਿਲਾਂ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਨਾਗਰਿਕਤਾ ਸੋਧ ਬਿਲ ਦੇ ਸੰਸਦ ਵਿਚ ਪਾਸ ਹੋਣ ਨੂੰ ਭਾਰਤ ਤੇ ਇਸ ਦੀਆਂ ਕਦਰਾਂ ਕੀਮਤਾਂ ਲਈ ਇਤਿਹਾਸਕ ਦਿਨ ਕਰਾਰ ਦਿੱਤਾ ਸੀ।
ਉਨ੍ਹਾਂ ਟਵੀਟ ਕੀਤਾ ਕਿ ਇਹ ਬਿਲ ਕਈ ਸਾਲਾਂ ਤੱਕ ਪੀੜ ਝੱਲਣ ਵਾਲੇ ਅਨੇਕ ਲੋਕਾਂ ਦੇ ਕਸ਼ਟ ਦੂਰ ਕਰੇਗਾ।ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਰਾਜ ਸਭਾ ’ਚ ਇਸ ਬਿਲ ਦੀ ਹਮਾਇਤ ਕਰਨ ਵਾਲੇ ਸਾਰੇ ਮੈਂਬਰਾਂ ਦਾ ਸ਼ੁਕਰੀਆ ਅਦਾ ਕੀਤਾ।