ਉੱਤਰ-ਪੂਰਬੀ ਸੂਬਿਆਂ ਵਿਚ ਨਾਗਰਿਕਤਾ ਸੋਧ ਬਿਲ ਵਿਰੁੱਧ ਜ਼ਬਰਦਸਤ ਰੋਹ,ਫ਼ੌਜ ਸੱਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੱਲ੍ਹ ਰਾਤੀ ਰਾਜ ਸਭਾ ਵਿਚ ਪਾਸ ਹੋ ਚੁੱਕਿਆ ਹੈ ਬਿਲ

Photo

ਗੁਹਾਟੀ : ਨਾਗਰਿਕਤਾ ਸੋਧ ਬਿਲ ਹੁਣ ਲੋਕ ਸਭਾ ਵਿਚ ਪਾਸ ਹੋ ਚੁੱਕਿਆ ਹੈ ਪਰ ਉਸ ਵਿਰੁੱਧ ਭਾਰਤ ਦੇ ਉੱਤਰ-ਪੂਰਬੀ ਸੂਬੇ ਅਸਮ,ਤ੍ਰਿਪੁਰਾ,ਮਨੀਪੁਰ, ਮਿਜ਼ੋਰਮ,ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ ਵਿਚ ਰੋਸ ਮੁਜ਼ਹਾਰੇ  ਹੋਣ ਲੱਗ ਪਏ ਹਨ।  ਲੋਕ ਵੱਡੀ ਗਿਣਤੀ ਵਿਚ ਸੜਕਾ ਟਤੇ ਉਤਰ ਆਏ ਹਨ ਅਤੇ ਰੋਹ-ਭਰਪੂਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਈਂ ਥਾਵਾਂ ਤੋਂ ਅੱਗ ਲਾਏ ਜਾਣ ਅਤੇ ਤੋੜ-ਭੰਨ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ।

ਅਸਮ ਦੀ ਰਾਜਧਾਨੀ ਗੁਹਾਟੀ ਵਿਚ ਵਿਗੜੀ ਕਾਨੂੰਨੀ ਵਿਵਸਥਾ ਨੂੰ ਸੰਭਾਲਣ ਲਈ ਬੁੱਧਵਾਰ ਸ਼ਾਮੀਂ ਕਰਫਿਉ ਲਗਾ ਦਿੱਤਾ ਗਿਆ। ਬਹੁਤੇ ਇਲਾਕਿਆਂ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਤ੍ਰਿਪੁਰ ਦੇ ਹਿੰਸਾਗ੍ਰਸਤ ਧਲਾਈ ਜ਼ਿਲ੍ਹੇ ਵਿਚ ਫ਼ੌਜ ਦੀ ਅਸਮ ਰਾਈਫ਼ਲਜ਼  ਦੀਆਂ ਟੁਕੜੀਆਂ ਨੂੰ ਤਾਇਨਤ ਕੀਤਾ ਗਿਆ ਹੈ। ਕੁੱਝ ਥਾਵਾਂ ਉੱਤੇ ਬੀਐਸਐਫ ਦੇ ਜਵਾਨ ਸੁਰੱਖਿਆ ਲਈ ਤੈਨਾਤ ਹਨ।

ਅਸਮ ਦੇ ਡਿਬਰੂਗੜ੍ਹ ਵਿਚ ਪ੍ਰਦਰਸ਼ਨਕਾਰੀਆਂ ਨੇ ਦੇਰ ਰਾਤ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਦੇ ਘਰ ਉੱਤੇ ਪਥਰਾਅ ਕੀਤਾ। ਡਿਬਰੂਗੜ੍ਹ ਦੇ ਪੁਲਿਸ ਡਿਪਟੀ ਕਮਿਸ਼ਨਰ ਪਲੱਵ ਗੋਪਾਲ ਝਾਅ ਨੇ ਦੱਸਿਆ ਕਿ ਬੁੱਧਵਾਰ ਰਾਤੀਂ ਕੁਝ ਲੋਕ ਲਖੀਨਗਰ ਇਲਾਕੇ ਵਿਚ ਸਥਿਤ ਮੁੱਖ ਮੰਤਰੀ ਦੇ ਘਰ ਤੱਕ ਪਹੁੰਚ ਗਏ । ਉਨ੍ਹਾਂ ਨੇ ਪੱਥਰ ਸੁੱਟੇ।

ਇਸ ਪਥਰਾਅ ਕਾਰਨ ਖਿੜਕੀਆਂ ਦੇ ਕੁੱਝ ਸ਼ੀਸ਼ੇ ਟੁੱਟ ਗਏ। ਪੁਲਿਸ ਦੇ ਉੱਚ ਅਧਿਕਾਰੀ ਤੁਰੰਤ ਮੌਕੇ 'ਤੇ ਪੁੱਜੇ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਭਾਜਪਾ ਵਿਧਾਇਕ ਪ੍ਰਸ਼ਾਂਤ ਫੁਕਨ ਅਤੇ ਸੁਭਾਸ਼ ਦੱਤਾ ਦੇ ਘਰ ਦੀ ਵੀ ਭੰਨ ਤੋੜ ਕੀਤੀ ਗਈ ਹੈ।

ਇਸ ਤੋਂ ਇਲਾਵਾ ਅਸਮ ਦੇ ਦੁਲੀਆਜਨ ਵਿਚ ਨਾਗਰਿਕਤਾ ਬਿਲ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕੇਂਦਰੀ ਮੰਤਰੀ ਰਾਮੇਸ਼ਵਰ ਤੇਲੀ ਦੇ ਘਰ ਉੱਤੇ ਹਮਲਾ ਕੀਤਾ ਜਿਸ ਕਾਰਨ ਜਾਇਦਾਦ ਨੂੰ ਬਹੁਤ ਨੁਕਸਾਨ ਪਹੁੰਚਿਆ।ਪੁਲਿਸ ਨੇ ਵੱਖੋ-ਵੱਖਰੀਆਂ ਵਿਦਿਆਰਥੀ ਯੂਨੀਅਨਾਂ ਦੇ ਕਈਂ ਆਗੂਆਂ ਨੂੰ ਗਿਰਫ਼ਤਾਰ ਕੀਤਾ ਹੈ। ਗੁਹਾਟੀ, ਡਿਬਰੂਗੜ੍ਹ ਅਤੇ ਜੋਰਹਾਟ ਵਰਗੀਆਂ ਕਈਂ ਥਾਵਾਂ ਉੱਤੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।