ਰਾਜ ਸਭਾ 'ਚ ਨਾਗਰਿਕਤਾ ਬਿੱਲ ਪੇਸ਼, ਅਮਿਤ ਸ਼ਾਹ ਨੇ ਦੇਸ਼ ਦੇ ਮੁਸਲਮਾਨਾਂ ਬਾਰੇ ਦਿੱਤਾ ਵੱਡਾ ਬਿਆਨ !
ਲੋਕ ਸਭਾ ਵਿਚ ਬਿਲ ਹੋ ਚੁੱਕਿਆ ਹੈ ਪਾਸ
ਨਵੀਂ ਦਿੱਲੀ : ਅੱਜ ਬੁੱਧਵਾਰ ਨੂੰ ਰਾਜ ਸਭਾ ਵਿਚ ਨਾਗਰਿਕਤਾ ਬਿਲ ਪੇਸ਼ ਕੀਤਾ ਗਿਆ ਹੈ। ਰਾਜ ਸਭਾ ਵਿਚ ਬਿੱਲ 'ਤੇ ਚਰਚਾ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਬਿੱਲ ਨਾਲ ਕਰੋੜਾ ਲੋਕਾਂ ਦੀਆਂ ਉਮੀਦਾਂ ਜੁੜੀਆਂ ਹੋਈਆ ਹਨ। ਅਜ਼ਾਦੀ ਮਗਰੋਂ ਬੰਗਲਾਦੇਸ਼, ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਘੱਟ ਗਿਣਤੀ ਦੇ ਲੋਕ ਭਾਰਤ ਆਏ ਹਨ। ਉਨ੍ਹਾਂ ਨੂੰ ਅਸੀ ਨਾਗਰਿਕਤਾ ਦੇਵਾਂਗੇ। ਇਨ੍ਹਾਂ ਲੋਕਾਂ ਨੂੰ ਸਨਮਾਨ ਨਾਲ ਜਿਊਣ ਦਾ ਹੱਕ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਦੇਸ਼ ਦੇ ਮੁਸਲਮਾਨਾਂ ਕਿਸੇ ਦੇ ਬਹਕਾਵੇ ਵਿਚ ਨਾ ਆਉਣ ,ਉਨ੍ਹਾਂ ਨੂੰ ਇਸ ਬਿਲ ਕਰਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਅਮਿਤ ਸ਼ਾਹ ਨੇ ਕਿਹਾ ਕਿ ''ਅਫਗਾਨਿਸਤਾਨ, ਪਾਕਿਸਤਾਨ ,ਬੰਗਲਾਦੇਸ਼ ਵਿਚ ਜੋ ਘੱਟ ਗਿਣਤੀ ਦੇ ਲੋਕ ਰਹਿੰਦੇ ਹਨ ਉਨ੍ਹਾਂ ਦੇ ਅਧਿਕਾਰਾਂ ਨੂੰ ਸੁਰੱਖਿਆ ਨਹੀਂ ਹੁੰਦੀ ਸੀ ਉਨ੍ਹਾਂ ਨੂੰ ਸਮਾਨਤਾ ਦਾ ਅਧਿਕਾਰ ਨਹੀਂ ਮਿਲਿਆ ਸੀ। ਜੋ ਘੱਟ ਗਿਣਤੀ ਧਾਰਮਿਕ ਤੌਰ 'ਤੇ ਪਰੇਸ਼ਾਨੀ ਕਾਰਨ ਭਾਰਤ ਆਏ ਹਨ ਉਨ੍ਹਾਂ ਨੂੰ ਇੱਥੇ ਸਹੂਲਤਾਂ ਮਿਲਣਗੀਆਂ। ਧਰਮ ਦੇ ਅਧਾਰ 'ਤੇ ਪਰੇਸ਼ਾਨੀ ਝੱਲਣ ਵਾਲੇ ਲੋਕਾਂ ਲਈ ਅਸੀ ਬਿੱਲ ਲੈ ਕੇ ਆਏ ਹਾਂ''।
ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ''ਬਿੱਲ ਦਾ ਵਿਰੋਧ ਕਰਨ ਵਾਲੇ ਲੋਕ ਦੱਸਣ ਕਿ ਇਹ ਲੱਖਾਂ-ਕਰੋੜਾਂ ਲੋਕ ਕਿੱਥੇ ਜਾਣਗੇ। ਉਨ੍ਹਾਂ ਨੂੰ ਜਿਊਣ ਦਾ ਅਧਿਕਾਰ ਹੈ ਜਾਂ ਨਹੀਂ ਮੈਂ ਇਹ ਵੀ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਸ ਦੇਸ਼ ਦੇ ਮੁਸਲਮਾਨਾ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਨਾਗਰਿਕ ਸਨ ਅਤੇ ਰਹਿਣਗੇ ਨਾ ਹੀ ਉਨ੍ਹਾਂ ਨੂੰ ਕੋਈ ਪਰੇਸ਼ਾਨ ਕਰੇਗਾ। ਮੁਸਲਮਾਨ ਬਹਿਕਾਵੇ 'ਚ ਨਾ ਆਉਣ। ਮੋਦੀ ਸਰਕਾਰ 'ਚ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸੌਖੀ ਭਾਸ਼ਾ 'ਚ ਮੈ ਦੱਸਣਾ ਚਾਹੁੰਦਾ ਹਾਂ ਕਿ ਇਹ ਬਿੱਲ ਕੀ ਹੈ। ਪਾਕਿਸਤਾਨ , ਬੰਗਲਾਦੇਸ਼ ਅਤੇ ਅਫਗਾਨਿਸਤਾਨ ਜਿਨ੍ਹਾਂ ਤਿੰਨ ਦੇਸ਼ਾਂ ਦੀਆਂ ਸਰੱਹਦਾ ਭਾਰਤ ਨਾਲ ਲੱਗਦੀਆਂ ਹਨ। ਉਨ੍ਹਾਂ ਤਿੰਨ ਦੇਸ਼ਾਂ ਦੇ ਹਿੰਦੂ, ਸਿੱਖ,ਜੈਨ,ਬੌਧ,ਪਾਰਸੀ ਅਤੇ ਈਸਾਈ ਇਹ ਘੱਟ ਗਿਣਤੀ ਲੋਕ ਜੋ ਭਾਰਤ ਆਏ ਹਨ ਉਨ੍ਹਾਂ ਨੂੰ ਨਾਗਰਿਕਤਾ ਪ੍ਰਦਾਨ ਕਰਨ ਦਾ ਇਸ ਬਿਲ 'ਚ ਪ੍ਰਸਤਾਵ ਹੈ''।
ਦੱਸ ਦਈਏ ਕਿ ਲੋਕ ਸਭਾ ਵਿਚ ਇਹ ਬਿਲ ਪਾਸ ਹੋ ਚੁੱਕਾ ਹੈ ਜਿੱਥੇ ਇਸ ਦੇ ਪੱਥ ਵਿਚ 311 ਅਤੇ ਵਿਰੋਧ ਚ 80 ਵੋਟਾਂ ਪਈਆਂ। ਬਿੱਲ ਨੂੰ ਲੋਕ ਸਭਾ ਵਿਚ ਬੰਪਰ ਵੋਟਾਂ ਨਾਲ ਮੰਜ਼ੂਰੀ ਦਵਾਉਣ ਤੋਂ ਬਾਅਦ ਮੋਦੀ ਸਰਕਾਰ ਨੂੰ ਰਾਜ ਸਭਾ ਵਿਚ ਇਸ ਬਿਲ ਦੇ ਪਾਸ ਹੋਣੀ ਦੀ ਉਮੀਦ ਜਤਾਈ ਜਾ ਰਹੀ ਹੈ।