ਦੇਸ਼ ਦੀਆਂ ਤਿੰਨੋਂ ਫੌਜਾਂ ਵਿਚ ਸੇਵਾ ਨਿਭਾਉਣ ਵਾਲੇ ਇਕਲੌਤੇ ਜਾਂਬਾਜ਼ ਅਫ਼ਸਰ ਪ੍ਰਿਥੀਪਾਲ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਿਥੀਪਾਲ ਸਿੰਘ ਗਿੱਲ ਨੇ ਪੂਰੇ ਕੀਤੇ ਅਪਣੇ ਜੀਵਨ ਦੇ 100 ਸਾਲ

Only officer to serve in Indian Army, Navy and Air Force turns 100

ਨਵੀਂ ਦਿੱਲੀ: ਕਰਨਲ ਪ੍ਰਿਥੀਪਾਲ ਸਿੰਘ ਗਿੱਲ ਇਕਲੌਤੇ ਅਜਿਹੇ ਅਧਿਕਾਰੀ ਹਨ, ਜਿਨ੍ਹਾਂ ਨੇ ਭਾਰਤੀ ਹਵਾਈ ਫੌਜ, ਜਲ ਸੈਨਾ ਤੇ ਥਲ ਸੈਨਾ ਵਿਚ ਅਪਣੀ ਸੇਵਾ ਦਿੱਤੀ ਹੈ। ਬੀਤੇ ਦਿਨ ਉਹਨਾਂ ਨੇ ਅਪਣੇ ਜੀਵਨ ਦੇ 100 ਸਾਲ ਪੂਰੇ ਕੀਤੇ। ਉਹਨਾਂ ਨੇ ਵਿਸ਼ਵ ਯੁੱਧ -2 ਅਤੇ 1965 ਵਿਚ ਭਾਰਤ-ਪਾਕਿਸਤਾਨ ਜੰਗ ਦੌਰਾਨ ਸੇਵਾ ਨਿਭਾਈ।

ਉਹਨਾਂ ਨੂੰ ਕਰਾਚੀ ਵਿਚ ਤੈਨਾਤ ਪਾਇਲਟ ਅਧਿਕਾਰੀ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਸੀ। ਉਹ ਹਾਵਰਡ ਏਅਰਕ੍ਰਾਫ਼ਟ ਉਡਾਉਂਦੇ ਸੀ। ਉਹਨਾਂ ਦੇ ਜਨਮ ਦਿਨ ਮੌਕੇ ਲੈਫਟੀਨੈਂਟ ਜਨਰਲ ਕੇਜੇ ਸਿੰਘ ਨੇ ਅਪਣੇ ਟਵਿਟਰ ਹੈਂਡਲ ਤੋਂ ਪ੍ਰਿਥੀਪਾਲ ਸਿੰਘ ਗਿੱਲ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਉਹਨਾਂ ਦੀ ਪੁਰਾਣੀ ਫੋਟੋ ਤੇ ਮੌਜੂਦਾ ਫੋਟੋ ਸ਼ੇਅਰ ਕੀਤੀ ।

ਕਰਨਲ ਪ੍ਰਿਥੀਪਾਲ ਸਿੰਘ ਗਿੱਲ ਦਾ ਬਾਅਦ ਵਿਚ ਭਾਰਤੀ ਜਲ ਸੈਨਾ ਵਿਚ ਤਬਾਦਲਾ ਕੀਤਾ ਗਿਆ, ਜਿੱਥੇ ਉਹਨਾਂ ਨੇ ਸਵੀਪਿੰਗ ਸ਼ਿਪ ਤੇ ਆਈਐਨਐਸ ਤੀਰ ‘ਤੇ ਅਪਣੀ ਸੇਵਾ ਨਿਭਾਈ। ਦੂਜੇ ਵਿਸ਼ਵ ਯੁੱਧ ਦੌਰਾਨ ਉਹ ਸਮੁੰਦਰੀ ਜਹਾਜ਼ਾਂ ਦੀ ਨਿਗਰਾਨੀ ਕਰਦੇ ਸੀ। ਜਲ ਸੈਨਾ ਅਧਿਕਾਰੀ ਦੇ ਤੌਰ ਤੇ ਡਿਪਟੀ ਲੈਫਟੀਨੈਂਟ ਪ੍ਰਿਥਵੀਪਾਲ ਸਿੰਘ ਗਿੱਲ ਨੇ ਸਕੂਲ ਆਫ਼ ਆਰਟਿਲਰੀ, ਦੇਵਲਾਲੀ ਵਿਖੇ ਲੌਂਗ ਗਨਰੀ ਸਟਾਫ ਕੋਰਸ ਲਈ ਯੋਗਤਾ ਪ੍ਰਾਪਤ ਕੀਤੀ।

ਇਸ ਤੋਂ ਬਾਅਦ ਗਿੱਲ਼ ਦਾ ਤਬਾਦਲਾ ਫੌਜ ਵਿਚ ਕੀਤਾ ਗਿਆ, ਜਿੱਥੇ ਗਵਾਲੀਅਰ ਮਾਂਊਟੇਨ ਬੈਟਰੀ ਵਿਚ ਉਹਨਾਂ ਨੂੰ ਤੈਨਾਤ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਮਣੀਪੁਰ ਵਿਚ ਅਸਮ ਰਾਈਫਲਸ ਵਿਚ ਵੀ ਅਪਣੀ ਸੇਵਾ ਨਿਭਾਈ। ਉਹਨਾਂ ਦੇ 100ਵੇਂ ਜਨਮ ਦਿਨ ਮੌਕੇ ਲੋਕਾਂ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਤੇ ਉਹਨਾਂ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ।