ਸਿੱਖ ਅਫ਼ਸਰ ਦੇ ਪਹਿਰਾਵੇ 'ਚ ਫੋਟੋ ਵਾਇਰਲ ਹੋਣ ਤੋਂ ਬਾਅਦ ਸਲਮਾਨ ਖਾਨ 'ਤੇ ਲੋਕਾਂ ਨੇ ਚੁੱਕੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਕਿਸਾਨੀ ਸੰਘਰਸ਼ 'ਤੇ ਸਲਮਾਨ ਖਾਨ ਦੀ ਚੁੱਪੀ ਨੂੰ ਲੈ ਕੇ ਫੈਨਜ਼ ਨੇ ਲਾਈ ਕਲਾਸ

Salman Khan was trolled for Playing Sikh Cop

ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦੇ ਚਲਦਿਆਂ ਆਮ ਆਦਮੀ ਹੀ ਨਹੀਂ ਬਲਕਿ ਪੰਜਾਬੀ ਗਾਇਕਾਂ ਨੇ ਵੀ ਬਾਲੀਵੁੱਡ ਸਿਤਾਰਿਆਂ ਦੀ ਚੁੱਪੀ 'ਤੇ ਸਵਾਲ ਚੁੱਕੇ ਹਨ। ਪੰਜਾਬੀ ਸਿਤਾਰਿਆਂ ਦਾ ਕਹਿਣਾ ਹੈ ਕਿ ਬਾਲੀਵੁੱਡ ਦੇ ਕਈ ਸਿਤਾਰੇ ਫਿਲਮਾਂ ਵਿਚ ਸਿੱਖ ਦੀ ਭੂਮਿਕਾ ਨਿਭਾਅ ਕੇ ਮਾਣ ਮਹਿਸੂਸ ਕਰਦੇ ਹਨ ਪਰ ਹੁਣ ਪੰਜਾਬੀਆਂ ਨਾਲ ਸਬੰਧਤ ਮੁੱਦੇ 'ਤੇ ਉਹ ਚੁੱਪੀ ਧਾਰੀ ਬੈਠੇ ਹਨ।

ਇਸੇ ਦੌਰਾਨ ਹੀ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਅੰਤਿਮ' ਦੀ ਪਹਿਲੀ ਫੋਟੋ ਸਾਹਮਣੇ ਆਈ ਹੈ, ਜਿਸ ਵਿਚ ਉਹ ਸਿੱਖ ਪੁਲਿਸ ਅਫਸਰ ਦੇ ਪਹਿਰਾਵੇ ਵਿਚ ਨਜ਼ਰ ਆ ਰਹੇ ਹਨ। ਉਹਨਾਂ ਦੀ ਇਸ ਫੋਟੋ ਨੂੰ ਲੈ ਕੇ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਟਰੋਲ ਹੋਏ। 

ਸਲਮਾਨ ਖਾਨ ਦੀ ਫੋਟੋ 'ਤੇ ਪ੍ਰਤੀਕਿਰਿਆ ਦਿੰਦਿਆਂ ਰਵਿੰਦਰ ਗਿੱਲ ਨਾਂਅ ਦੇ ਇਕ ਯੂਜ਼ਰ ਨੇ ਲਿਖਿਆ, 'ਸਲਮਾਨ ਖਾਨ ਕਿਸਾਨੀ ਸੰਘਰਸ਼ ਬਾਰੇ ਕੁਝ ਬੋਲੋ। ਸਿੱਖ ਪੁਲਿਸ ਅਫਸਰਾਂ 'ਤੇ ਫਿਲਮਾਂ ਨਾ ਬਣਾਓ। ਮੋਦੀ ਵਿਰੁੱਧ ਕੁਝ ਬੋਲੋ'।

ਇਕ ਹੋਰ ਯੂਜ਼ਰ ਨੇ ਲਿਖਿਆ ਕਿ, 'ਸਲਮਾਨ ਕਿਸਾਨੀ ਸੰਘਰਸ਼ ਦੌਰਾਨ ਸਿੱਖਾਂ/ ਕਿਸਾਨਾਂ ਦੇ ਸਮਰਥਨ ਵਿਚ ਕੋਈ ਦਿਲਚਸਪੀ ਨਹੀਂ ਦਿਖਾ ਰਹੇ, ਉਹ ਇਕ ਕਮਿਊਨਿਟੀ ਦੇ ਨਾਂਅ 'ਤੇ ਪੈਸਾ ਕਮਾਉਣਾ ਚਾਹੁੰਦੇ ਹਨ ਪਰ ਜਦੋਂ ਉਸ ਕਮਿਊਨਿਟੀ ਨੂੰ ਸਹਾਇਤਾ ਦੀ ਲੋੜ ਹੈ ਤਾਂ ਉਹ ਚੁੱਪ ਹਨ'।

ਸੁਰਿੰਦਰ ਸਿੱਧੂ ਨਾਂਅ ਦੇ ਇਕ ਯੂਜ਼ਰ ਨੇ ਟਵੀਟ ਕਰਕੇ ਕੁਝ ਮੀਡੀਆ ਚੈਨਲਾ ਨੂੰ ਟੈਗ ਕਰਦਿਆਂ ਕਿਹਾ, 'ਇਸ ਮੁਸਲਿਮ ਵਿਅਕਤੀ ਨੇ ਪੱਗ ਬੰਨੀ ਹੋਈ ਹੈ ਤੇ ਜਾਅਲੀ ਸਿੱਖ ਬਣਿਆ ਹੈ। ਕਿਰਪਾ ਕਰਕੇ ਇਸ ਨੂੰ ਵੀ ਖਾਲਿਸਤਾਨੀ ਦਿਖਾਓ, ਜਿਵੇਂ ਤੁਸੀਂ ਕਿਸਾਨਾਂ ਤੇ ਉਹਨਾਂ ਦੇ ਸਮਰਥਕਾਂ ਨਾਲ ਕਰ ਰਹੇ ਹੋ'।

ਇਕ ਯੂਜ਼ਰ ਨੇ ਸਲਮਾਨ ਨੂੰ ਟੈਗ ਕਰਦਿਆਂ ਲਿਖਿਆ, 'ਕੀ ਤੁਹਾਨੂੰ ਨਹੀਂ ਲੱਗਦਾ ਕਿ ਸਿੱਖ ਪਹਿਰਾਵੇ ਵਿਚ ਫਿਲਮ ਕਰਨ ਤੋਂ ਪਹਿਲਾਂ ਤੁਹਾਨੂੰ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਕੁਝ ਕਹਿਣਾ ਚਾਹੀਦਾ ਹੈ? ਯਕੀਨਨ ਤੁਸੀਂ ਸਾਰੇ ਪੈਸੇ ਕਮਾਉਣ ਲਈ ਪੰਜਾਬੀ, ਹਰਿਆਣਵੀ ਅਤੇ ਬਿਹਾਰੀ ਸਭਿਆਚਾਰ ਦਾ ਸਹਾਰਾ ਲੈਂਦੇ ਹੋ ਪਰ ਕੀ ਤੁਸੀਂ ਉਹਨਾਂ ਦੇ ਹੱਕਾਂ ਲਈ ਖੜ੍ਹ ਸਕਦੇ ਹੋ? 

ਇਕ ਹੋਰ ਯੂਜ਼ਰ ਨੇ ਲਿਖਿਆ, 'ਸਲਮਾਨ ਭਾਈ, ਅਕਸ਼ੈ ਕੁਮਾਰ, ਸੰਨੀ ਦਿਓਲ ਜਾਂ ਅਜੈ ਦੇਵਗਨ ਦੀ ਤਰ੍ਹਾਂ ਨਾ ਬਣੋ, ਜੋ ਪੈਸਾ ਕਮਾਉਣ ਲਈ ਸਿੱਖ ਬਣਦੇ ਹਨ। ਖਾਨ ਬਣੋ ਤੇ ਕਿਸਾਨਾਂ ਦਾ ਸਮਰਥਨ ਕਰੋ।' ਦੱਸ ਦਈਏ ਕਿ ਇਸ ਤੋਂ ਪਹਿਲਾਂ ਸਲਮਾਨ ਖਾਨ ਦੀ ਖੇਤਾਂ ਵਿਚ ਕੰਮ ਕਰਦਿਆਂ ਦੀ ਫੋਟੋ ਕਾਫ਼ੀ ਵਾਇਰਲ ਹੋਈ ਸੀ, ਜਿਸ ਨੂੰ ਲੈ ਕੇ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਟਰੋਲ ਹੋਏ।