ਕਿਸਾਨੀ ਸੰਘਰਸ਼ ਨੂੰ ਦੇਖਦਿਆਂ ਬਦਲੇਗੀ ਪੰਜਾਬ ਦੀ ਸਿਆਸਤ, ਰਣਜੀਤ ਬਾਵਾ ਨੇ ਕੀਤੀ ਵੱਡੀ ਭਵਿੱਖਬਾਣੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਗਾਤਾਰ ਸੰਘਰਸ਼ ਤੇ ਸੇਵਾ ‘ਚ ਯੋਗਦਾਨ ਪਾ ਰਹੇ ਰਣਜੀਤ ਬਾਵਾ

Ranjit Bawa at Farmer Protest

ਨਵੀਂ ਦਿੱਲੀ (ਅਰਪਨ ਕੌਰ): ਦਿੱਲੀ ਵਿਚ ਕਿਸਾਨਾਂ ਦਾ ਸੰਘਰਸ਼ ਤੇ ਸੇਵਾ ਦੋਵੇਂ ਜਾਰੀ ਹਨ। ਇਸ ਵਿਚ ਹਰ ਕੋਈ ਵਧ ਚੜ ਕੇ ਅਪਣਾ ਸਹਿਯੋਗ ਦੇ ਰਿਹਾ ਹੈ। ਇਸ ਦੇ ਚਲਦਿਆਂ ਪੰਜਾਬੀਆਂ ਦਾ ਬਾਵਾ ਰਣਜੀਤ ਬਾਵਾ ਵੀ ਕਿਸਾਨੀ ਮੋਰਚੇ ਵਿਚ ਸੇਵਾ ਕਰਨ ਪਹੁੰਚ ਰਹੇ ਹਨ। ਖ਼ਾਲਸਾ ਏਡ ਵੱਲੋਂ ਕੀਤੀ ਜਾ ਰਹੀ ਸੇਵਾ ਵਿਚ ਯੋਗਦਾਨ ਪਾਉਣ ਪਹੁੰਚੇ ਰਣਜੀਤ ਬਾਵਾ ਨੇ ਕਿਹਾ ਕਿ ਉਹਨਾਂ ਨੂੰ ਦਿੱਲੀ ਪਹੁੰਚ ਕੇ ਬਹੁਤ ਸਕੂਨ ਮਿਲ ਰਿਹਾ ਹੈ।

ਖਾਲਸਾ ਏਡ ਵੱਲੋਂ ਕੀਤੀ ਜਾ ਰਹੀ ਸੇਵਾ ਬਹੁਤ ਵੱਡੀ ਹੈ। ਉਹਨਾਂ ਕਿਹਾ ਕਿ ਉਹ ਇੱਥੇ ਤਿੰਨ ਵਾਰ ਆ ਚੁੱਕੇ ਹਨ ਕਿਉਂਕਿ ਕੰਮ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਪੰਜਾਬ ਮਨ ਨਹੀਂ ਲੱਗ ਰਿਹਾ, ਹਮੇਸ਼ਾਂ ਅਪਣੇ ਲੋਕਾਂ ਲਈ ਉਹਨਾਂ ਦਾ ਦਿਲ ਧੜਕ ਰਿਹਾ ਹੈ। ਰਣਜੀਤ ਬਾਵਾ ਨੇ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਹੈ ਕਿ ਉਹਨਾਂ ਨੂੰ ਇਹ ਸੇਵਾ ਮਿਲੀ।

ਸੰਘਰਸ਼ ਦੇ ਭਵਿੱਖ ਬਾਰੇ ਬੋਲਦਿਆਂ ਬਾਵੇ  ਨੇ ਕਿਹਾ ਕਿ ਦੋ ਢਾਈ ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ ਦਿੱਲੀ ਪਹੁੰਚ ਚੁੱਕੇ ਹਾਂ ਤੇ ਅਗਲਾ ਬੰਨਾ ਬਹੁਤ ਨੇੜੇ ਹੈ। ਜਦੋਂ ਆਗੂ ਮਜ਼ਬੂਤ ਹੋਣ ਤਾਂ ਸੰਘਰਸ਼ ਹਮੇਸ਼ਾਂ ਕਾਮਯਾਬ ਹੁੰਦੇ ਹਨ। ਲੋਕ ਵੀ ਤਨੋਂ ਮਨੋਂ ਪੰਜਾਬ ਦੀ ਹੋਂਦ ਬਚਾਉਣ ਲਈ ਲੱਗੇ ਹੋਏ ਹਨ।

ਰਾਸ਼ਟਰੀ ਮੀਡੀਆ ‘ਤੇ ਬੋਲਦਿਆਂ ਕਿਹਾ ਕਿ ਨੈਸ਼ਨਲ ਮੀਡੀਆ ਨੇ ਘਟੀਆ ਪੱਧਰ ‘ਤੇ ਕੰਮ ਕੀਤਾ। ਸੱਚਾਈ ਤੇ ਪੰਜਾਬ ਪੱਖੀ ਖਬਰਾਂ ਦੀ ਕਵਰੇਜ ਕਰਨ ਲਈ ਉਹਨਾਂ ਨੇ ਪੰਜਾਬੀ ਮੀਡੀਆ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਹੁਣ ਲੋਕ ਜਾਗਰੂਕ ਹਨ ਤੇ ਇਹ ਲਹਿਰ ਵਿਸ਼ਵ ਪੱਧਰੀ ਲੋਕਾਂ ਦੀ ਲਹਿਰ ਬਣ ਚੁੱਕੀ ਹੈ। ਜਿੰਨਾ ਮਰਜ਼ੀ ਜ਼ੋਰ ਲਗਾ ਲਿਆ ਜਾਵੇ, ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ।

ਕੰਗਨਾ ਰਣੌਤ ਬਾਰੇ ਗੱਲ ਕਰਦਿਆਂ ਰਣਜੀਤ ਬਾਵਾ ਨੇ ਕਿਹਾ ਕਿ ਸਾਨੂੰ ਇਸ ਤੋਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹ ਸਾਡਾ ਮਸਲਾ ਨਹੀਂ ਹੈ। ਜਿਸ ਇਨਸਾਨ ਨੂੰ ਘਰੇ ਇੱਜ਼ਤ ਨਹੀਂ ਮਿਲਦੀ, ਉਸ ਨੂੰ ਬਾਹਰ ਵੀ ਨਹੀਂ ਮਿਲਦੀ। ਜੇਕਰ ਅਸੀਂ ਅਪਣੇ ਲੋਕਾਂ ਲਈ ਖੜਾਂਗੇ ਤਾਂ ਸਾਨੂੰ ਦੁਨੀਆਂ ‘ਚ ਹਰ ਪਾਸੇ ਮਾਣ ਮਿਲੇਗਾ। ਬਜ਼ੁਰਗਾਂ ਖਿਲਾਫ਼ ਗਲਤ ਸ਼ਬਦਾਵਲੀ ਵਰਤਣ ਲਈ ਉਹਨਾਂ ਨੇ ਕੰਗਨਾ ਦੀ ਨਿੰਦਾ ਕੀਤੀ।

ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੇ ਲੋਕਾਂ ਨੂੰ ਪੰਜਾਬ ਵਿਚ ਨਹੀਂ ਵੜਨ ਦਿੱਤਾ ਜਾਵੇਗਾ, ਜੇ ਆ ਵੀ ਗਏ ਤਾਂ ਅਸੀਂ ਹਿਸਾਬ ਕਿਤਾਬ ਪੂਰਾ ਕਰ ਲਵਾਂਗੇ। ਗੁਰਦਾਸ ਮਾਨ ਬਾਰੇ ਗੱਲ ਕਰਦਿਆਂ ਰਣਜੀਤ ਬਾਵਾ ਨੇ ਕਿਹਾ ਕਿ ਉਹਨਾਂ ਨੇ ਇਕ-ਦੋ ਵਾਰ ਗੁਰਦਾਸ ਮਾਨ ਨਾਲ ਗੱਲ ਕੀਤੀ, ਉਹ ਬਹੁਤ ਟੁੱਟੇ ਹੋਏ ਸਨ।

ਉਹਨਾਂ ਦਾ ਧੰਨਵਾਦ ਕਿ ਉਹਨਾਂ ਨੇ ਇੱਥੇ ਆਉਣ ਦਾ ਹੌਂਸਲਾ ਕੀਤਾ। ਮਾਨ ਸਾਹਬ ਇੱਥੇ ਚੱਲ ਕੇ ਆਏ ਬਹੁਤ ਚੰਗੀ ਗੱਲ ਹੈ। ਲੋਕਾਂ ਦੀ ਕਚਹਿਰੀ ਵਿਚ ਕੋਈ ਵੱਡਾ ਨਹੀਂ ਹੁੰਦਾ, ਲੋਕ ਹੀ ਵੱਡੇ ਨਹੀਂ ਹੁੰਦੇ। ਉਹਨਾਂ ਨੇ ਗੁਰਦਾਸ ਮਾਨ ਨੂੰ ਬੋਲਣ ਨਹੀਂ ਦਿੱਤਾ, ਇਹ ਉਹਨਾਂ ਦਾ ਨਜ਼ਰੀਆ ਹੈ। ਕਲਾਕਾਰ ਨੂੰ ਲੋਕਾਂ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਉਹ ਕਦੀ ਨਾ ਕਦੀ ਜ਼ਰੂਰ ਮਾਫ ਕਰਨਗੇ।

ਰਣਜੀਤ ਬਾਵਾ ਨੇ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਇਸ ਸੰਘਰਸ਼ ਵਿਚ ਕੋਈ ਸਿਆਸੀ ਪਾਰਟੀ ਸ਼ਾਮਲ ਨਹੀਂ ਹੋਈ। ਸੰਘਰਸ਼ ਦੇ ਚਲਦਿਆਂ ਪੰਜਾਬ ਦੀ ਸਿਆਸਤ ਵੱਡੇ ਪੱਧਰ ‘ਤੇ ਬਦਲੇਗੀ। ਹੁਣ ਪੰਜਾਬ ਵਿਚ ਗਾਇਕੀ ਵੀ ਬਦਲ ਗਈ ਹੈ। ਹੁਣ ਲੋਕ ਵੀ ਇਸ ਗਾਇਕੀ ਨੂੰ ਪ੍ਰਵਾਨ ਕਰ ਰਹੇ ਹਨ ਤੇ ਪਿਆਰ ਦੇ ਰਹੇ ਹਨ। ਹੋਰ ਵੀ ਕਈ ਚੀਜ਼ਾਂ ‘ਚ ਬਦਲਾਅ ਆਵੇਗਾ।