ਲੋਕ ਸਭਾ ਸਪੀਕਰ ਬਿਰਲਾ ਵੱਲੋਂ ਚਿਤਾਵਨੀ - ਸਦਨ 'ਚ ਕਦੇ ਵੀ ਕਿਸੇ ਦੀ ਜ਼ਾਤ ਜਾਂ ਧਰਮ ਦਾ ਜ਼ਿਕਰ ਨਾ ਹੋਵੇ, ਨਹੀਂ ਤਾਂ ਹੋਵੇਗੀ ਕਾਰਵਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਪੀਕਰ ਨੇ ਕਿਹਾ ਕਿ ਲੋਕਾਂ ਨੇ ਜ਼ਾਤ ਅਤੇ ਧਰਮ ਦੇ ਆਧਾਰ 'ਤੇ ਮੈਂਬਰਾਂ ਦੀ ਚੋਣ ਨਹੀਂ ਕੀਤੀ

Image

 

ਨਵੀਂ ਦਿੱਲੀ - ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸੋਮਵਾਰ ਨੂੰ ਸਦਨ ਵਿੱਚ ਕਿਸੇ ਦੀ ਮੈਂਬਰ ਦੀ ਜ਼ਾਤ ਅਤੇ ਧਰਮ ਦਾ ਹਵਾਲਾ ਦੇਣ ਵਿਰੁੱਧ ਮੈਂਬਰਾਂ ਨੂੰ ਚਿਤਾਵਨੀ ਦਿੱਤੀ। ਦਰਅਸਲ ਇੱਕ ਕਾਂਗਰਸ ਸੰਸਦ ਮੈਂਬਰ ਨੇ ਦੋਸ਼ ਲਗਾਇਆ ਸੀ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਉਸ ਦੀ ਹਿੰਦੀ ਵਿੱਚ ਮੁਹਾਰਤ ਬਾਰੇ ਕੁਝ ਟਿੱਪਣੀਆਂ ਕੀਤੀਆਂ ਕਿਉਂਕਿ ਉਹ ਇੱਕ ਵਿਸ਼ੇਸ਼ ਭਾਈਚਾਰੇ ਨਾਲ ਸੰਬੰਧਿਤ ਹੈ।

ਕਾਂਗਰਸ ਮੈਂਬਰ ਏ. ਰੇਵੰਤ ਰੈੱਡੀ ਵੱਲੋਂ ਪ੍ਰਸ਼ਨ ਕਾਲ ਦੌਰਾਨ ਆਪਣੀ ਸਮਾਜਿਕ ਸ਼੍ਰੇਣੀ ਦਾ ਹਵਾਲਾ ਦੇਣ ਲਈ ਵਰਤੇ ਗਏ ਸ਼ਬਦ ਦਾ ਗੰਭੀਰ ਨੋਟਿਸ ਲੈਂਦਿਆਂ ਸਪੀਕਰ ਨੇ ਕਿਹਾ, ਕਿ ਲੋਕਾਂ ਨੇ ਜ਼ਾਤ ਅਤੇ ਧਰਮ ਦੇ ਆਧਾਰ 'ਤੇ ਲੋਕ ਸਭਾ ਲਈ ਮੈਂਬਰਾਂ ਦੀ ਚੋਣ ਨਹੀਂ ਕੀਤੀ।

ਸਪੀਕਰ ਨੇ ਚਿਤਾਵਨੀ ਦਿੰਦਿਆਂ ਕਿਹਾ, "ਕਿਸੇ ਨੂੰ ਵੀ ਸਦਨ ਵਿੱਚ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਨਹੀਂ ਤਾਂ, ਮੈਨੂੰ ਅਜਿਹੇ ਮੈਂਬਰ ਵਿਰੁੱਧ ਕਾਰਵਾਈ ਕਰਨੀ ਪਵੇਗੀ।"

ਬਿਰਲਾ ਨੇ ਇਸ ਗੱਲ ਦਾ ਵੀ ਗੰਭੀਰ ਨੋਟਿਸ ਲਿਆ ਕਿ ਕਾਂਗਰਸ ਮੈਂਬਰ ਨੇ ਸਪੀਕਰ ਵੱਲੋਂ ਸਵਾਲ ਪੁੱਛਣ 'ਤੇ ਉਸ ਨੂੰ 'ਵਿਘਨ ਨਾ ਪਾਉਣ' ਲਈ ਕਿਹਾ।