ਸਾਕਸ਼ੀ ਮਹਾਰਾਜ ਦੀਆਂ ਅੱਖਾਂ ਵਿਚ ਵੀ ਰੜਕਿਆਂ ‘ਕਿਸਾਨੀ ਸੰਘਰਸ਼’, ਕਹਿ ਦਿੱਤੀ ਵੱਡੀ ਗੱਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਵੱਡੇ ਕਿਸਾਨਾਂ ਤੇ ਕਾਰੋਬਾਰੀਆਂ ਦੇ ਢਿੱਡ 'ਚ ਹੋ ਰਿਹੈ ਦਰਦ

Sakshi Maharaj

ਨਵੀਂ ਦਿੱਲੀ : ਕਿਸਾਨੀ ਸੰਘਰਸ਼ ਨੂੰ ਲੈ ਕੇ ਭਾਜਪਾ ਆਗੂਆਂ ਵਲੋਂ ਦਿੱਤੀ ਜਾ ਰਹੀ ਭੜਕਾਊ ਬਿਆਨਬਾਜ਼ੀ ਥੰਮਣ ਦਾ ਨਾਮ ਨਹੀਂ ਲੈ ਰਹੀ। ਹੁਣ ਭਾਜਪਾ ਦੇ ਤੱਤੇ ਬਿਆਨਾਂ ਲਈ ਜਾਣੇ ਜਾਂਦੇ ਆਗੂ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਵੀ ਕਿਸਾਨੀ ਸੰਘਰਸ਼ ਖਿਲਾਫ ਭੜਾਸ ਕੱਢੀ ਹੈ। ਸਾਕਸ਼ੀ ਮਹਾਰਾਜ ਮੁਤਾਬਕ ਜਿਹੜੇ ਅਸਲੀ ਕਿਸਾਨ ਹਨ, ਉਹ ਤਾਂ ਖੇਤਾਂ ਵਿਚ ਕੰਮ ਕਰ ਰਹੇ ਹਨ ਜਦਕਿ ਕੁੱਝ ਭਟਕੇ ਹੋਏ ਲੋਕ ਇਸ ਵੇਲੇ ਪ੍ਰਦਰਸ਼ਨ ਕਰ ਰਹੇ ਹਨ। ਇਹ ਕਿਸਾਨ ਨਹੀਂ ਹਨ, ਇਨ੍ਹਾਂ ਵਿਚ ਜ਼ਿਆਦਾਤਰ ਵੱਡੇ ਕਾਰੋਬਾਰੀ ਹਨ।

ਸਾਕਸ਼ੀ ਮਹਾਰਾਜ ਮੁਤਾਬਕ " ਅਸਲ ਕਿਸਾਨ ਖੇਤ ਵਿਚ ਕੰਮ ਕਰ ਰਿਹਾ ਹੈ। ਪ੍ਰਦਰਸ਼ਨ ਕਰ ਰਹੇ ਲੋਕਾਂ ਵਿਚ ਕੁਝ ਭਟਕ ਹੋਏ ਕਿਸਾਨ ਹਨ। ਕੁਝ ਕਿਸਾਨ ਨਹੀਂ ਸਗੋਂ ਵੱਡੇ ਕਾਰੋਬਾਰੀ ਹਨ। ਕੁਝ ਕੋਲ 500 ਬਿਘੇ ਜ਼ਮੀਨ ਹੈ ਤੇ ਕੁਝ ਕੋਲ 1 ਹਜ਼ਾਰ ਬੀਘੇ। ਉਨ੍ਹਾਂ ਦੇ ਪੇਟ ਵਿਚ ਦਰਦ ਹੈ।"

ਸਾਕਸ਼ੀ ਮਹਾਰਾਜ ਨੇ ਕਿਹਾ ਕਿ ਪੂਰੇ ਦੇਸ਼ ਵਿਚ ਇਹ ਅੰਦੋਲਨ ਸਿਰਫ ਦੋ ਜਾਂ ਤਿੰਨ ਥਾਂਵਾਂ 'ਤੇ ਚੱਲ ਰਿਹਾ ਹੈ। ਪੰਜਾਬ ਦੇ ਕਿਸਾਨ ਸਿੰਘੂ ਸਰਹੱਦ 'ਤੇ ਜੁੜੇ ਹੋਏ ਹਨ। ਦੂਜੇ ਪਾਸੇ ਹਰਿਆਣਾ ਦੀ ਸਰਹੱਦ 'ਤੇ ਜਿਹੜੇ ਕਿਸਾਨ ਆ ਰਹੇ ਹਨ, ਉਹ ਰਾਜਸਥਾਨ ਤੋਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਰਾਜਸਥਾਨ ਵਿਚ ਕਾਂਗਰਸ ਦੀਆਂ ਸਰਕਾਰਾਂ ਹਨ, ਜੋ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਖੇਤੀ ਕਾਨੂੰਨ ਦਾ ਵਿਰੋਧ ਨਹੀਂ  ਕਰ ਰਹੇ ਬਲਕਿ ਉਨ੍ਹਾਂ ਦਾ ਇਰਾਦਾ ਕੁੱਝ ਹੋਰ ਹੈ।

ਇਸ ਬਿਆਨ ਤੋਂ ਬਾਅਦ ਸਾਕਸ਼ੀ ਮਹਾਰਾਜ ਕਿਸਾਨਾਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕਾਂ ਮੁਤਾਬਕ ਸਾਕਸ਼ੀ ਮਹਾਰਾਜ ਦੀ ਸੋਚ ਖੂਹ ਦੇ ਡੱਡੂ ਵਾਲੀ ਹੈ ਜਿਸ ਨੂੰ ਖੂਹ ਤੋਂ ਬਾਹਰਲੀ ਦੁਨੀਆਂ ਦੀ ਕੋਈ ਖਬਰ ਨਹੀਂ ਹੈ ਜਾਂ ਉਹ ਜਾਣਬੁਝ ਕੇ ਗਲਤ-ਬਿਆਨੀ ਕਰ ਰਹੇ ਹਨ। ਕਿਸਾਨ ਆਗੂਆਂ ਮੁਤਾਬਕ ਕਿਸਾਨੀ ਸੰਘਰਸ਼ ਦੀ ਗੂੰਜ ਯੂ.ਐਨ.ਏ. ਤਕ ਪਹੁੰਚ ਚੁਕੀ ਹੈ। ਕਈ ਵਿਸ਼ਵ ਪੱਧਰੀ ਸ਼ਖਸੀਅਤਾਂ ਇਸ ਦਾ ਜ਼ਿਕਰ ਕਰ ਚੁਕੀਆਂ ਹਨ।

ਕਿਸਾਨ ਆਗੂਆਂ ਮੁਤਾਬਕ ਸਾਕਸ਼ੀ ਮਹਾਰਾਜ ਨੂੰ ਪੰਜਾਬ ਅਤੇ ਰਾਜਸਥਾਨ ਤੋਂ ਆਉਂਦੇ ਕਿਸਾਨ ਦਿੱਖ ਗਏ ਹਨ, ਜਦਕਿ ਦੇਸ਼ ਦੇ ਕੋਨੇ-ਕੋਨੇ ਵਿਚ ਲੱਖਾਂ ਦੀ ਗਿਣਤੀ ਵਿਚ ਬੈਠੇ ਕਿਸਾਨ ਵਿਖਾਈ ਨਹੀਂ ਦੇ ਰਹੇ। ਹਰਿਆਣਾ ਦੇ ਕਿਸਾਨਾਂ ਵਲੋਂ ਮਨੋਹਰ ਲਾਲ ਖੱਟਰ ਦੇ ਜਹਾਜ਼ ਨੂੰ ਨਾ ਉਤਰਨ ਦੇਣਾ ਵੀ ਨਜ਼ਰੀ ਨਹੀਂ ਪਿਆ। ਉਨ੍ਹਾਂ ਕਿਹਾ ਕਿ ਹਰਿਆਣਵੀਂ ਕਿਸਾਨਾਂ ਦੇ ਦਬਾਅ ਕਾਰਨ ਹਰਿਆਣੇ ਦੀਆਂ ਸਿਆਸੀ ਧਿਰਾਂ ਦੀ ਗ੍ਰਹਿ ਮੰਤਰੀ ਅਤੇ ਅੱਜ ਪ੍ਰਧਾਨ ਮੰਤਰੀ ਨਾਲ ਹੋਈ ਮੀਟਿੰਗ ਤੋਂ ਵੀ ਸਾਕਸ਼ੀ ਮਹਾਰਾਜ ਅਨਜਾਣ ਹਨ ਪਰ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੀ ਗੈਰਹਾਜ਼ਰੀ ਤੋਂ ਉਹ ਜਾਣੂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੀ ਚੜਦੀ ਕਲਾਂ ਤੋਂ ਬੁਖਲਾਏ ਭਾਜਪਾ ਆਗੂ ਅੰਦੋਲਨ ਬਾਰੇ ਤਰ੍ਹਾਂ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ, ਪਰ ਉਨ੍ਹਾਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ।