ਮਹਿਲਾ ਪ੍ਰੋਫੈਸਰ ਨੇ ਵਿਦੇਸ਼ ਮੰਤਰਾਲੇ ਨੂੰ ਕੀਤੀ ਪਾਕਿ ਦੂਤਘਰ ਦੇ ਅਧਿਕਾਰੀਆਂ ਦੀ ਸ਼ਿਕਾਇਤ, ਲਗਾਏ ਵੱਡੇ ਇਲਜ਼ਾਮ
ਮਹਿਲਾ ਨੇ ਇਤਰਾਜ਼ਯੋਗ ਨਿੱਜੀ ਸਵਾਲ ਪੁੱਛਣ ਦੇ ਲਗਾਏ ਇਲਜ਼ਾਮ
ਅੰਮ੍ਰਿਤਸਰ: ਪੰਜਾਬ ਦੇ ਇਕ ਤਕਨੀਕੀ ਕਾਲਜ ਦੀ ਮਹਿਲਾ ਪ੍ਰੋਫੈਸਰ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਪਾਕਿਸਤਾਨੀ ਦੂਤਘਰ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰੋਫੈਸਰ ਦਾ ਇਲਜ਼ਾਮ ਹੈ ਕਿ ਮਾਰਚ 2022 ਵਿਚ ਵੀਜ਼ਾ ਅਪਲਾਈ ਕਰਨ ਸਮੇਂ ਉਸ ਨਾਲ ਅਸ਼ਲੀਲ ਵਰਤਾਅ ਅਤੇ ਇਤਰਾਜ਼ਯੋਗ ਸਵਾਲ ਪੁੱਛੇ ਗਏ। ਮਹਿਲਾ ਨੇ ਪਾਕਿਸਤਾਨ ਜਾਣ ਲਈ ਆਨਲਾਈਨ ਵੀਜ਼ਾ ਅਪਲਾਈ ਕੀਤਾ ਸੀ ਅਤੇ ਇਸ ਸਬੰਧ ਵਿਚ ਉਹ ਪਾਕਿਸਤਾਨ ਦੂਤਘਰ ਗਈ ਸੀ।
ਪੀੜਤਾ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿਚ ਇਨਸਾਫ਼ ਦੀ ਗੁਹਾਰ ਲਗਾਈ ਹੈ। ਇਸ ਦੇ ਨਾਲ ਹੀ ਪੋਰਟਲ ਰਾਹੀਂ ਪਾਕਿਸਤਾਨ ਸਰਕਾਰ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੀੜਤਾ ਦਾ ਕਹਿਣਾ ਹੈ ਕਿ ਉਸ ਨੇ ਲਾਹੌਰ ਜਾਣ ਲਈ ਵੀਜ਼ਾ ਮੰਗਿਆ ਸੀ। ਇਸ ਸਬੰਧ ਵਿਚ ਉਸ ਨੂੰ ਦਿੱਲੀ ਸਥਿਤ ਪਾਕਿਸਤਾਨੀ ਦੂਤਘਰ ਵਿਚ ਬੁਲਾਇਆ ਗਿਆ।
ਔਰਤ ਨੇ ਦੱਸਿਆ ਕਿ ਇਸ ਦੌਰਾਨ ਉਥੇ ਮੌਜੂਦ ਅਧਿਕਾਰੀ ਨੇ ਉਸ ਤੋਂ ਇਤਰਾਜ਼ਯੋਗ ਨਿੱਜੀ ਸਵਾਲ ਪੁੱਛੇ। ਅਫਸਰ ਨੇ ਪੁੱਛਿਆ, ਮੈਂ ਵਿਆਹ ਕਿਉਂ ਨਹੀਂ ਕਰਵਾਇਆ, ਮੈਂ ਵਿਆਹ ਤੋਂ ਬਿਨਾਂ ਕਿਵੇਂ ਰਹਿ ਰਹੀ ਹਾਂ? ਮਹਿਲਾ ਨੇ ਦੱਸਿਆ ਕਿ ਉਸ ਨੂੰ ਇਕ ਯੂਨੀਵਰਸਿਟੀ ਵੱਲੋਂ ਲੈਕਚਰ ਲਈ ਸੱਦਾ ਮਿਲਿਆ ਸੀ। ਇਸ ਲਈ ਉਹ ਲਾਹੌਰ ਜਾਣ, ਉੱਥੋਂ ਦੇ ਮਿਊਜ਼ੀਅਮ ਦੇਖਣ, ਫੋਟੋਗ੍ਰਾਫੀ ਕਰਨ ਅਤੇ ਉੱਥੇ ਬਾਰੇ ਲਿਖਣ ਦੀ ਇਛੁੱਕ ਸੀ।
ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮੁਮਤਾਜ਼ ਜ਼ਾਹਰਾ ਬਲੋਚ ਨੇ ਕਿਹਾ ਹੈ ਕਿ ਉਹਨਾਂ ਦੀ ਬਦਸਲੂਕੀ 'ਤੇ ਜ਼ੀਰੋ-ਟੌਲਰੈਂਸ ਦੀ ਨੀਤੀ ਹੈ ਅਤੇ ਭਾਰਤੀ ਔਰਤ ਦੀ ਸ਼ਿਕਾਇਤ 'ਤੇ ਗੌਰ ਕੀਤਾ ਜਾ ਰਿਹਾ ਹੈ।