Divya Pahuja murder: ਨਹਿਰ 'ਚੋਂ ਮਿਲੀ ਮਾਡਲ ਦਿਵਿਆ ਪਾਹੂਜਾ ਦੀ ਲਾਸ਼; 11 ਦਿਨ ਪਹਿਲਾਂ ਗੁਰੂਗ੍ਰਾਮ ਦੇ ਹੋਟਲ 'ਚ ਹੋਇਆ ਸੀ ਕਤਲ
ਗੁਰੂਗ੍ਰਾਮ ਦੇ ਏਸੀਪੀ ਕ੍ਰਾਈਮ ਵਰੁਣ ਦਹੀਆ ਨੇ ਦਿਵਿਆ ਦੀ ਲਾਸ਼ ਮਿਲਣ ਦੀ ਪੁਸ਼ਟੀ ਕੀਤੀ ਹੈ।
Divya Pahuja murder: ਗੁਰੂਗ੍ਰਾਮ 'ਚ ਕਤਲ ਕੀਤੀ ਗਈ ਗੈਂਗਸਟਰ ਦੀ ਮਾਡਲ ਗਰਲਫ੍ਰੈਂਡ ਦਿਵਿਆ ਪਾਹੂਜਾ ਦੀ ਲਾਸ਼ ਸ਼ਨਿਚਰਵਾਰ ਨੂੰ ਮਿਲ ਗਈ ਹੈ। ਪੁਲਿਸ ਨੇ ਐਨਡੀਆਰਐਫ ਟੀਮ ਦੀ ਮਦਦ ਨਾਲ ਜਾਖਲ, ਫਤਿਹਾਬਾਦ ਦੇ ਕੁਦਨੀ ਹੈੱਡ ਨੇੜੇ ਭਾਖੜਾ ਨਹਿਰ ਤੋਂ ਇਸ ਨੂੰ ਬਰਾਮਦ ਕੀਤਾ। ਦਿਵਿਆ ਦੀ ਲਾਸ਼ ਲੈ ਕੇ ਜਾ ਰਹੇ ਬਲਰਾਜ ਗਿੱਲ ਦੀ ਕੋਲਕਾਤਾ ਤੋਂ ਗ੍ਰਿਫ਼ਤਾਰੀ ਤੋਂ ਬਾਅਦ ਇਸ ਦਾ ਸੁਰਾਗ ਮਿਲਿਆ ਸੀ, ਜਿਸ ਤੋਂ ਬਾਅਦ ਐਨਡੀਆਰਐਫ ਦੀਆਂ 25 ਟੀਮਾਂ ਦੀ ਮਦਦ ਨਾਲ ਲਾਸ਼ ਦੀ ਪਟਿਆਲਾ ਤੋਂ ਖਨੌਰੀ ਤਕ ਤਲਾਸ਼ੀ ਲਈ ਗਈ।
ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਦਿਵਿਆ ਦੇ ਪ੍ਰਵਾਰ ਨੂੰ ਇਸ ਦੀ ਫੋਟੋ ਭੇਜ ਦਿਤੀ। ਦਿਵਿਆ ਦੀ ਪਛਾਣ ਉਸ ਦੇ ਸਰੀਰ 'ਤੇ ਬਣੇ ਟੈਟੂ ਤੋਂ ਹੋਈ ਹੈ। ਉਨ੍ਹਾਂ ਦੀ ਪੁਸ਼ਟੀ ਤੋਂ ਬਾਅਦ ਇਸ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਗੁਰੂਗ੍ਰਾਮ ਦੇ ਏਸੀਪੀ ਕ੍ਰਾਈਮ ਵਰੁਣ ਦਹੀਆ ਨੇ ਦਿਵਿਆ ਦੀ ਲਾਸ਼ ਮਿਲਣ ਦੀ ਪੁਸ਼ਟੀ ਕੀਤੀ ਹੈ। ਕਤਲ ਦੇ 11ਵੇਂ ਦਿਨ ਦਿਵਿਆ ਦੀ ਲਾਸ਼ ਮਿਲੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਤੋਂ ਪਹਿਲਾਂ ਪੁਲਿਸ ਨੇ ਬੀਐਮਡਬਲਿਯੂ ਕਾਰ 'ਚ ਦਿਵਿਆ ਦੀ ਲਾਸ਼ ਲੈ ਕੇ ਭੱਜਣ ਵਾਲੇ ਬਲਰਾਜ ਗਿੱਲ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ਤੋਂ ਹਿਰਾਸਤ 'ਚ ਲਿਆ ਸੀ। ਉਸ 'ਤੇ 50 ਹਜ਼ਾਰ ਰੁਪਏ ਦਾ ਇਨਾਮ ਸੀ। ਮੁਹਾਲੀ ਦਾ ਰਹਿਣ ਵਾਲਾ ਬਲਰਾਜ ਗਿੱਲ ਇਸ ਕਤਲ ਕਾਂਡ ਦੇ ਮਾਸਟਰ ਮਾਈਂਡ ਹੋਟਲ ਮਾਲਕ ਅਭਿਜੀਤ ਸਿੰਘ ਦਾ ਦੋਸਤ ਹੈ। ਬਲਰਾਜ ਦੇ ਨਾਲ ਲਾਸ਼ ਲੈ ਕੇ ਫਰਾਰ ਹੋਣ ਵਾਲਾ ਦੂਜਾ ਮੁਲਜ਼ਮ ਰਵੀ ਬੰਗਾ ਅਜੇ ਫਰਾਰ ਹੈ।
ਇਸ ਤੋਂ ਪਹਿਲਾਂ ਪੁਲਿਸ ਨੇ ਦਿਵਿਆ ਦੇ ਕਤਲ ਕਾਂਡ ਦੇ ਮਾਸਟਰਮਾਈਂਡ ਹੋਟਲ ਮਾਲਕ ਅਭਿਜੀਤ ਅਤੇ ਲਾਸ਼ ਨੂੰ ਹੋਟਲ ਤੋਂ ਬਾਹਰ ਕੱਢਣ ਵਿਚ ਮਦਦ ਕਰਨ ਵਾਲੇ ਓਮਪ੍ਰਕਾਸ਼ ਅਤੇ ਹੇਮਰਾਜ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਇਲਾਵਾ ਪੁਲਿਸ ਨੇ ਅਭਿਜੀਤ ਦੀ ਪ੍ਰੇਮਿਕਾ ਮੇਘਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਕਤਲ ਤੋਂ ਬਾਅਦ ਮੇਘਾ ਅਭਿਜੀਤ ਦੇ ਕਹਿਣ 'ਤੇ ਗੁਰੂਗ੍ਰਾਮ ਦੇ ਹੋਟਲ ਸਿਟੀ ਪੁਆਇੰਟ 'ਤੇ ਆਈ ਸੀ। ਇਹ ਮੇਘਾ ਹੀ ਸੀ ਜਿਸ ਨੇ ਦਿਵਿਆ ਦਾ ਆਈ-ਫੋਨ ਅਤੇ ਪਿਸਤੌਲ ਸਮੇਤ ਹੋਰ ਅਹਿਮ ਸਬੂਤਾਂ ਨੂੰ ਨਸ਼ਟ ਕਰਨ ਵਿਚ ਅਭਿਜੀਤ ਦੀ ਮਦਦ ਕੀਤੀ ਸੀ।
ਗੁਰੂਗ੍ਰਾਮ ਪੁਲਿਸ ਦੀ ਜਾਂਚ ਮੁਤਾਬਕ ਦਿਵਿਆ ਦੇ ਕਤਲ ਵਾਲੇ ਦਿਨ ਬਲਰਾਜ ਗਿੱਲ ਵੀ ਅਭਿਜੀਤ ਅਤੇ ਦਿਵਿਆ ਦੇ ਨਾਲ ਹੋਟਲ 'ਚ ਆਇਆ ਸੀ। ਜ਼ਿਕਰਯੋਗ ਹੈ ਕਿ ਬਲਦੇਵ ਨਗਰ, ਗੁਰੂਗ੍ਰਾਮ ਦੀ ਰਹਿਣ ਵਾਲੀ ਦਿਵਿਆ ਪਾਹੂਜਾ (27) 1 ਜਨਵਰੀ ਨੂੰ ਹੋਟਲ ਸਿਟੀ ਪੁਆਇੰਟ ਦੇ ਮਾਲਕ ਅਭਿਜੀਤ ਨਾਲ ਘੁੰਮਣ ਗਈ ਸੀ। ਫਿਰ ਉਹ 2 ਜਨਵਰੀ ਨੂੰ ਸਵੇਰੇ 4.15 ਵਜੇ ਅਭਿਜੀਤ ਅਤੇ ਇਕ ਹੋਰ ਵਿਅਕਤੀ ਨਾਲ ਗੁਰੂਗ੍ਰਾਮ ਦੇ ਸਿਟੀ ਪੁਆਇੰਟ ਹੋਟਲ ਵਾਪਸ ਪਰਤੀ। ਹੋਟਲ ਵਿਚ ਉਸ ਨੇ ਦਿਵਿਆ ਨੂੰ ਗੋਲੀ ਮਾਰ ਦਿਤੀ।
(For more Punjabi news apart from Haryana police recover ex-model Divya Pahuja's body from canal, stay tuned to Rozana Spokesman)